ਐਂਟੀ-ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ’ਤੇ ਪੰਜਾਬੀ ਅਥਲੀਟ ’ਤੇ ਲੱਗੀ ਕੈਨੇਡਾ ’ਚ 4 ਸਾਲ ਦੀ ਪਾਬੰਦੀ

633

ਸਰੀ, 22 ਸਤੰਬਰ (ਪੰਜਾਬ ਮੇਲ)- ਕੈਨੇਡਾ ਵਿੱਚ ਇੱਕ ਪੰਜਾਬੀ ਅਥਲੀਟ ’ਤੇ 4 ਸਾਲ ਦੀ ਪਾਬੰਦੀ ਲਾ ਦਿੱਤੀ ਗਈ ਹੈ। ਜਸਨਪ੍ਰੀਤ ਬੈਂਸ ਨਾਂ ਦੇ ਇਸ ਅਥਲੀਟ ਨੂੰ ਐਂਟੀ-ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ’ਤੇ ਇਹ ਸਜ਼ਾ ਦਿੱਤੀ ਗਈ। ਇਸ ਤੋਂ ਇਲਾਵਾ ਉਸ ਕੋਲੋਂ ਸਿਲਵਰ ਮੈਡਲ ਵੀ ਵਾਪਸ ਲੈ ਲਿਆ ਗਿਆ ਹੈ। ਕੈਨੇਡੀਅਨ ਸੈਂਟਰ ਫਾਰ ਐਥਿਕਸ ਇਨ ਸਪੋਰਟ (ਸੀਸੀਈਐਸ) ਨੇ ਇਸ ਸਬੰਧੀ ਐਲਾਨ ਕਰਦਿਆਂ ਦੱਸਿਆ ਕਿ ਫਰੇਜ਼ਰ ਵੈਲੀ ਯੂਨੀਵਰਸਿਟੀ ਦੇ ਯੂ ਸਪੋਰਟਸ ਰੈਸÇਲੰਗ ਅਥਲੀਟ ਜਸਨਪ੍ਰੀਤ (ਜਸਨ) ਬੈਂਸ ’ਤੇ ਐਂਟੀ-ਡੋਪਿੰਗ ਨਿਯਮਾਂ ਦੀ ਉਲੰਘਣਾ ਮਾਮਲੇ ਵਿੱਚ 4 ਸਾਲ ਦੀ ਪਾਬੰਦੀ ਲਾ ਦਿੱਤੀ ਗਈ। 21 ਫਰਵਰੀ 2020 ਨੂੰ ਇੱਕ ਮੁਕਾਬਲੇ ਦੌਰਾਨ ਡੋਪਿੰਗ ਕੰਟਰੋਲ ਤਹਿਤ ਜਸਨ ਬੈਂਸ ਦੇ ਪਿਸ਼ਾਬ ਦਾ ਸੈਂਪਲ ਲਿਆ ਗਿਆ ਸੀ। ਉਸ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਬੈਂਸ ਨੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਦੀ ਵਰਤੋਂ ਕੀਤੀ ਸੀ। ਸੀਸੀਈਐਸ ਦੇ ਨੋਟੀਫਿਕੇਸ਼ਨ ’ਤੇ ਅਥਲੀਟ ਜਸਨ ਬੈਂਸ ਨੇ ਆਪਣੀ ਗ਼ਲਤੀ ਮੰਨ ਲਈ। ਇਸ ਮਗਰੋਂ ਆਰਬੀਟਰੇਟਰ ਜੋਨਾਥਨ ਫਿਲਡਰ ਨੇ ਐਂਟੀ-ਡੋਪਿੰਗ ਨਿਯਮਾਂ ਦੀ ਉਲੰਘਣ ਕਰਨ ਦੇ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਜਸਨ ਬੈਂਸ ਨੂੰ 4 ਸਾਲ ਲਈ ਸਪੋਰਟ ਤੋਂ ਦੂਰ ਕਰਦੇ ਹੋਏ ਉਸ ’ਤੇ 2 ਅਪ੍ਰੈਲ 2024 ਤੱਕ ਪਾਬੰਦੀ ਲਾ ਦਿੱਤੀ। ਸਰੀ ਦਾ ਵਾਸੀ ਜਸਨ ਬੈਂਸ ਪਾਬੰਦੀ ਦੌਰਾਨ ਕਿਸੇ ਵੀ ਖੇਡ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕੇਗਾ ਅਤੇ ਨਾ ਹੀ ਆਪਣੇ ਸਾਥੀ ਖਿਡਾਰੀਆਂ ਨਾਲ ਟ੍ਰੇਨਿੰਗ ਕਰ ਸਕੇਗਾ।