ਐਂਟੀਵਾਇਰਲ ਡਰੱਗ ਰੇਮੇਡੀਸਵਿਰ ਦੀ ਵਰਤੋਂ ਕੋਵਿਡ -19 ਮਰੀਜ਼ਾਂ ਦੇ ਇਲਾਜ ਲਈ ਨਹੀਂ ਕੀਤੀ ਜਾਣੀ ਚਾਹੀਦੀ : ਡਬਲਯੂਐਚਓ

487
Share

ਜੇਨੇਵਾ, 21 ਨਵੰਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਐਂਟੀਵਾਇਰਲ ਡਰੱਗ ਰੇਮੇਡੀਸਵਿਰ ਦੀ ਵਰਤੋਂ ਕੋਵਿਡ -19 ਮਰੀਜ਼ਾਂ ਦੇ ਇਲਾਜ ਲਈ ਨਹੀਂ ਕੀਤੀ ਜਾਣੀ ਚਾਹੀਦੀ, ਭਾਵੇਂ ਮਰੀਜ਼ ਕਿੰਨਾ ਵੀ ਬਿਮਾਰ ਕਿਉਂ ਨਾ ਹੋਵੇ ਕਿਉਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਦਵਾਈ ਪ੍ਰਭਾਵਸ਼ਾਲੀ ਹੈ।

ਨਿਊਜ਼ ਏਜੰਸੀ ਸਿਨਹੂਆ ਨੇ ਆਪਣੀ ਰਿਪੋਰਟ ਵਿਚ ਡਬਲਯੂ.ਐਚ.ਓ. ਦੇ ਗਾਈਡਲਾਈਨ ਡਿਵੈਲਪਮੈਂਟ ਗਰੁੱਪ (ਜੀ.ਐਚ.ਜੀ.) ਦੇ ਪੈਨਲ ਦੇ ਹਵਾਲੇ ਨਾਲ ਕਿਹਾ, ‘ਪੈਨਲ ਨੂੰ ਅਜਿਹੇ ਸਬੂਤ ਨਹੀਂ ਮਿਲੇ ਹਨ, ਜਿਹੜੇ ਇਹ ਦਰਸਾਉਂਦੇ ਹੋਣ ਕਿ ਰੇਮੇਡੀਸਵਿਰ ਨੇ ਨਤੀਜਿਆਂ ਵਿਚ ਸੁਧਾਰ ਕੀਤਾ ਹੈ ਜਾਂ ਕੋਈ ਹੋਰ ਲਾਭ ਜਿਵੇਂ ਕਿ ਮਰੀਜ਼ਾਂ ਦੀ ਮੌਤ ਦਰ ਘਟੀ ਹੈ। ਅਜਿਹੀ ਸਥਿਤੀ ਵਿਚ ਰੇਮੇਡੀਸਵਿਰ ਦਵਾਈ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਡਬਲਯੂਐਚਓ ਦੀ ਇਹ ਸਿਫਾਰਸ਼ ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਪ੍ਰਕਾਸ਼ਤ ਸਬੂਤਾਂ ਦੀ ਸਮੀਖਿਆ ‘ਤੇ ਅਧਾਰਤ ਹੈ ਜਿਸ ਵਿਚ 7,000 ਤੋਂ ਵੱਧ ਹਸਪਤਾਲ ਵਿਚ ਦਾਖਲ ਮਰੀਜ਼ਾਂ ਵਿਚ 4 ਅੰਤਰਰਾਸ਼ਟਰੀ ਬੇਤਰਤੀਬੇ ਟਰਾਇਲਾਂ ਦੇ ਅੰਕੜੇ ਸ਼ਾਮਲ ਹਨ। ਸਮੀਖਿਆ ਕਰਨ ਦੇ ਬਾਅਦ ਪੈਨਲ ਨੇ ਇਹ ਸਿੱਟਾ ਕੱਢਿਆ ਕਿ ਰੇਮੇਡੀਸਵਿਰ ਦਾ ਮਰੀਜ਼ਾਂ ਲਈ ਮੌਤ ਜਾਂ ਹੋਰ ਮਹੱਤਵਪੂਰਨ ਨਤੀਜਿਆਂ ‘ਤੇ ਕੋਈ ਸਾਰਥਕ ਪ੍ਰਭਾਵ ਨਹੀਂ ਹੁੰਦਾ।

ਦੱਸ ਦੇਈਏ ਕਿ ਇਹ ਐਂਟੀਵਾਇਰਲ ਦਵਾਈ ਰੇਮੇਡੀਸਵਿਰ ਅਜੇ ਤੱਕ ਦੁਨੀਆ ਭਰ ਵਿਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਅਧਿਕਾਰਤ ਸਿਰਫ ਦੋ ਦਵਾਈਆਂ ਵਿਚੋਂ ਇਕ ਹੈ। ਇਸ ਨੂੰ ਯੂ.ਐਸ., ਯੂਰਪੀਅਨ ਯੂਨੀਅਨ ਅਤੇ ਹੋਰ ਦੇਸ਼ਾਂ ਵਿਚ ਵਰਤਣ ਲਈ ਮਨਜ਼ੂਰੀ ਦਿੱਤੀ ਗਈ ਹੈ ਕਿਉਂਕਿ ਮੁਢਲੀ ਖੋਜ ਵਿਚ ਪਾਇਆ ਗਿਆ ਹੈ ਕਿ ਇਹ ਕੋਵਿਡ-19 ਦੇ ਕੁਝ ਮਰੀਜ਼ਾਂ ਦੀ ਸਿਹਤ ਸੁਧਾਰ ਵਿਚ ਤੇਜ਼ੀ ਲਿਆ ਸਕਦੀ ਹੈ।

ਅਮਰੀਕੀ ਕੰਪਨੀ ਗਿਲਿਅਡ ਦੁਆਰਾ ਨਿਰਮਿਤ ਰੇਡੀਮੇਸਵੀਰ ਇਕ ਬਹੁਤ ਮਹਿੰਗੀ ਦਵਾਈ ਹੈ। ਕੰਪਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਦਵਾਈ ਦੀ ਤੀਜੀ ਤਿਮਾਹੀ ਦੀ ਵਿਕਰੀ ਵਿਚ ਲਗਭਗ 900 ਮਿਲੀਅਨ ਯਾਨੀ 90 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ) ਅਨੁਸਾਰ ਵਿਸ਼ਵ ਵਿਚ ਕੋਵਿਡ -19 ਤੋਂ 5,68,17,667 ਲੋਕ ਸੰਕਰਮਿਤ ਹੋਏ ਹਨ ਅਤੇ 13,58,489 ਮੌਤਾਂ ਹੋਈਆਂ ਹਨ।


Share