ਏ.ਜੀ.ਪੀ.ਸੀ. ਤੇ ਪੀ.ਐੱਸ.ਜੀ.ਪੀ.ਸੀ. ਸਾਂਝੇ ਤੌਰ ’ਤੇ 13 ਜਨਵਰੀ ਨੂੰ ਸਿੱਖ-ਮੁਸਲਿਮ ਏਕਤਾ ਵਾਸਤੇ ਅਰਦਾਸ ਦਿਵਸ ਵਜੋਂ ਮਨਾਉਣਗੇ

240
Share

ਸਿੱਖ-ਮੁਸਲਿਮ ਏਕਤਾ ਤੇ ਦੋਸਤੀ ਵਜੋਂ ਇਹ ਦਿਨ ਦੋਵਾਂ ਭਾਇਚਾਰਿਆਂ ਦੇ ਸੰਬਧਾਂ ਨੂੰ ਮਜ਼ਬੂਤ ਬਣਾਉਣ ਵਾਸਤੇ ਇਕ ਮੀਲ ਪੱਥਰ : ਡਾ. ਪ੍ਰਿਤਪਾਲ ਸਿੰਘ, ਸ. ਅਮੀਰ ਸਿੰਘ

ਸਾਨ ਫਰਾਂਸਿਸਕੋ, 6 ਜਨਵਰੀ (ਬਲਵਿੰਦਰਪਾਲ ਸਿੰਘ ਖਾਲਸਾ/ ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਨੇ ਰਲ ਕੇ ਦਿੱਤੇ ਇੱਕ ਸਾਂਝੇ ਬਿਆਨ ’ਚ ਸੰਸਾਰ ਭਰ ਵਿਚਲੇ ਗੁਰਦੁਆਰਾ ਸਾਹਿਬਾਨਾਂ ਤੇ ਖਾਲਸਾ ਪੰਥ ਨੂੰ ਬੇਨਤੀ ਭਰੇ ਸੰਦੇਸ਼ ਵਿਚ ਕਿਹਾ ਹੈ ਕਿ ਹਰ ਸਾਲ 13 ਜਨਵਰੀ ਨੂੰ ਸਿੱਖ-ਮੁਸਲਿਮ ਏਕਤਾ ਤੇ ਅਰਦਾਸ ਦੇ ਦਿਨ ਵਜੋਂ ਮਨਾਇਆ ਜਾਵੇ। ਇੱਕ ਸਾਂਝੇ ਬਿਆਨ ਵਿਚ ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਤੇ ਪੀ.ਐੱਸ.ਜੀ.ਪੀ.ਸੀ. ਦੇ ਸਕੱਤਰ ਸ. ਅਮੀਰ ਸਿੰਘ ਨੇ ਕਿਹਾ ਹੈ ਕਿ 13 ਜਨਵਰੀ ਇਕ ਇਤਿਹਾਸਕ ਦਿਨ ਹੈ, ਕਿਉਂਕਿ ਇਸ ਦਿਨ ਸਾਂਈ ਹਜਰਤ ਮੀਆਂ ਮੀਰ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੱਦੇ ਉਤੇ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਦਾ ਨੀਂਹ ਪੱਥਰ ਰੱਖਿਆ ਸੀ। ਦੋਵਾਂ ਸਿੱਖ ਆਗੂਆਂ ਨੇ ਕਿਹਾ ਕਿ ਸਿੱਖ-ਮੁਸਲਿਮ ਏਕਤਾ ਤੇ ਦੋਸਤੀ ਵਜੋਂ ਇਹ ਦਿਨ ਬਹੁਤ ਇਤਿਹਾਸਕ ਮਹੱਤਤਾ ਵਾਲਾ ਦਿਨ ਹੈ ਤੇ ਦੋਵਾਂ ਭਾਇਚਾਰਿਆਂ ਦੇ ਸੰਬਧਾਂ ਨੂੰ ਪੀਡਾ ਤੇ ਮਜ਼ਬੂਤ ਬਣਾਉਣ ਵਾਸਤੇ ਇਕ ਮੀਲ ਪੱਥਰ ਹੈ। ਇਸ ਵਾਸਤੇ ਇਹ ਦਿਨ ਹਰ ਸਾਲ ਬੜੇ ਵੱਡੇ ਰੂਪ ਵਿਚ ਪੂਰੀ ਦੁਨੀਆਂ ਵਿਚ ਦੋਵਾਂ ਕੌਮਾਂ ਵੱਲੋਂ ਗੁਰਦੁਆਰਾ ਸਾਹਿਬਾਨ ਤੇ ਸਾਂਈ ਮੀਆਂ ਮੀਰ ਜੀ ਦੀ ਦਰਗਾਹ ਉੱਤੇ ਮਨਾਇਆ ਜਾਣਾ ਚਾਹੀਦਾ ਹੈ ਤੇ ਇਸ ਦਿਨ ਵਿਸ਼ੇਸ਼ ਤੌਰ ’ਤੇ ਮੁਸਲਿਮ-ਸਿੱਖ ਦੋਸਤੀ ਨੂੰ ਹੋਰ ਜ਼ਿਆਦਾ ਮੁਹੱਬਤ ਭਰਿਆ ਤੇ ਚਿਰ ਜੀਵੀ ਬਣਾਉਣ ਵਾਸਤੇ ਅਰਦਾਸਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤੇ ਦੁਆਵਾਂ ਮੰਗੀਆਂ ਜਾਣੀਆਂ ਚਾਹੀਦੀਆਂ ਹਨ।
ਸੰਯੁਕਤ ਰਾਸ਼ਟਰ ਸੰਘ ਦੇ ਵਿਸ਼ੇਸ਼ ਸਲਾਹਕਾਰ ਡਾ. ਇਕਤਦਾਰ ਚੀਮਾ ਨੇ ਇਸ ਖਾਸ ਮੌਕੇ ’ਤੇ ਕਿਹਾ ਕਿ ਇਹ ਯਤਨ ਸਿੱਖ-ਮੁਸਲਿਮ ਕੌਮਾਂ ਵੱਲੋਂ ਬਹੁਤ ਮੌਕੇ ਮੁਤਾਬਕ ਤੇ ਢੁੱਕਵੇਂ ਸਮੇਂ ਕੀਤਾ ਜਾ ਰਿਹਾ ਹੈ, ਕਿਉਂਕਿ ਸੰਯੁਕਤ ਰਾਸ਼ਟਰ ਸੰਘ ਵੀ ਅੰਤਰਰਾਸ਼ਟਰੀ ਤੌਰ ’ਤੇ ਸਾਲ 2021 ਨੂੰ ਅਮਨ ਤੇ ਭਰੋਸੇ ਦੇ ਸਾਲ ਵਜੋਂ ਮਨਾ ਰਿਹਾ ਹੈ। ਇਸ ਦਿਨ ਅੰਤਰਰਾਸ਼ਟਰੀ ਪੱਧਰ ਦਾ ਜੂਮ ਵੈਬੀਨਾਰ ਵੀ ਕਰਵਾਇਆ ਜਾਵੇਗਾ, ਜਿਸ ਨਾਲ ਦੋਵਾਂ ਭਾਇਚਾਰਿਆਂ ਦੇ ਧਾਰਮਿਕ ਆਗੂ ਤੇ ਵਿਦਵਾਨ ਮਿਲ ਬੈਠਣਗੇ।
ਪਾਕਿਸਤਾਨ ਦੇ ਸੂਬੇ ਪੰਜਾਬ ਦੀ ਵਿਧਾਨ ਸਭਾ, ਸਟੇਟ ਅਸੈਂਬਲੀ ਦੇ ਸਤਿਕਾਰਯੋਗ ਮੈਂਬਰ ਸ: ਰਮੇਸ਼ ਸਿਘ ਅਰੋੜਾ ਨੇ ਇਸ ਪਹਿਲਕਦਮੀ ਦਾ ਪੁਰਜ਼ੋਰ ਸੁਆਗਤ ਕਰਦਿਆਂ ਆਪਣੇ ਵੱਲੋਂ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਪੂਰਾ ਸਮਰਥਨ ਦੇਣ ਦਾ ਵਚਨ ਦਿੱਤਾ ਹੈ, ਤਾਂ ਕਿ ਦੋਵਾਂ ਕੌਮਾਂ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਮਿਲ-ਬੈਠ ਕੇ ਦੋਸਤੀ ਤੇ ਏਕਤਾ ਵਾਸਤੇ ਕੁਝ ਚੰਗੀਆਂ ਯੋਜਨਾਵਾਂ ਅਮਲ ਵਿਚ ਲਿਆ ਸਕਣ।


Share