ਏ.ਏ.ਆਈ. ਅਧੀਨ ਆਉਂਦੇ ਚਾਰ ਹਵਾਈ ਅੱਡਿਆਂ ਦਾ ਦੁਨੀਆਂ ਦੇ ਸਰਵੋਤਮ ਹਵਾਈ ਅੱਡਿਆਂ ਵਜੋਂ ਸਨਮਾਨ

755

ਮੁੰਬਈ , 11 ਮਾਰਚ (ਪੰਜਾਬ ਮੇਲ)- ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਦੇ ਅਧੀਨ ਕੰਮ ਕਰਨ ਵਾਲੇ ਚਾਰ ਹਵਾਈ ਅੱਡਿਆਂ ਨੂੰ ਦੁਨੀਆ ਦੇ ਸਰਬੋਤਮ ਹਵਾਈ ਅੱਡਿਆਂ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਨ੍ਹਾਂ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ ਵਿਚ ਕੁੱਲ 10 ਪੁਰਸਕਾਰ ਦਿੱਤੇ ਗਏ ਹਨ। ਇਹ ਹਵਾਈ ਅੱਡੇ ਚੰਡੀਗੜ੍ਹ, ਮੰਗਲੁਰੂ, ਤ੍ਰਿਵੇਂਦਰਮ ਅਤੇ ਲਖਨਊ ਦੇ ਹਨ। ਏ.ਏ.ਆਈ. ਨੇ ਸੋਮਵਾਰ ਨੂੰ ਇਕ ਜਾਰੀ ਬਿਆਨ ਵਿਚ ਕਿਹਾ ਕਿ ਏਅਰਪੋਰਟ ਕੌਂਸਲ ਇੰਟਰਨੈਸ਼ਨਲ (ਏ.ਸੀ.ਆਈ.) ਏਐਸਕਿਊ ਐਵਾਰਡਜ਼ -2019 ਵਿਚ ਇਨ੍ਹਾਂ ਚਾਰ ਹਵਾਈ ਅੱਡਿਆਂ ਨੂੰ ਕੁੱਲ 10 ਪੁਰਸਕਾਰ ਦਿੱਤੇ ਗਏ ਹਨ। ਏ.ਸੀ.ਆਈ. ਦੁਨੀਆਭਰ ਦੇ ਹਵਾਈ ਅੱਡਿਆਂ ਦਾ ਸੰਚਾਲਨ ਕਰਨ ਵਾਲੀ ਇਕ ਸੁਤੰਤਰ ਅੰਤਰਰਾਸ਼ਟਰੀ ਏਜੰਸੀ ਹੈ। ਏ.ਸੀ.ਆਈ. ਨੇ ਹਵਾਈ ਅੱਡਿਆਂ ‘ਤੇ ਯਾਤਰੀਆਂ ਦੀ ਸੰਤੁਸ਼ਟੀ ਦੇ ਪੱਧਰ ਦਾ ਮੁਲਾਂਕਣ ਕਰਨ ਲਈ ਏਐਸਕਿਊ ਪ੍ਰੋਗਰਾਮ ਸਥਾਪਤ ਕੀਤਾ ਹੈ। ਏਐਸਕਿਊ ਐਵਾਰਡ -2019 ਦੇ ਸਰਵੇਖਣ ‘ਚ 34 ਮਾਪਦੰਡਾਂ ‘ਤੇ ਹਵਾਈ ਅੱਡਿਆਂ ਦੀ ਰੈਂਕਿੰਗ ਕੀਤੀ ਗਈ ਹੈ। ਇਸ ‘ਚ ਏਅਰਪੋਰਟ ਤੱਕ ਪਹੁੰਚ, ਚੈਕ-ਇਨ, ਸੁਰੱਖਿਆ, ਹਵਾਈ ਅੱਡੇ ‘ਚ ਸਹੂਲਤਾਂ, ਖਾਣ-ਪੀਣ, ਪ੍ਰਚੂਨ, ਹਵਾਈ ਅੱਡੇ ਦਾ ਵਾਤਾਵਰਣ ਅਤੇ ਡਿਪਾਰਚਰ ਸੇਵਾਵਾਂ ਵਰਗੀਆਂ 8 ਸ਼੍ਰੇਣੀਆਂ ਹਨ। ਭਾਰਤ ਦੇ ਇਨ੍ਹਾਂ ਚਾਰ ਹਵਾਈ ਅੱਡਿਆਂ ਨੂੰ ਗਾਹਕ ਸੇਵਾ, ਬੁਨਿਆਦੀ ਢਾਂਚਾ ਅਤੇ ਸੇਵਾ, ਵਾਤਾਵਰਣ ਅਤੇ ਮਾਹੌਲ, ਆਕਾਰ ਅਤੇ ਖੇਤਰ ਦੀਆਂ ਸ਼੍ਰੇਣੀਆਂ ਵਿਚ 10 ਪੁਰਸਕਾਰ ਦਿੱਤੇ ਗਏ ਹਨ।