ਏਸ਼ਿਆਈ ਲੋਕਾਂ ਵਿਰੁੱਧ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ : ਬਾਇਡਨ

182
Share

ਵਾਸ਼ਿੰਗਟਨ, 1 ਅਪ੍ਰੈਲ  (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਏਸ਼ਿਆਈ ਅਮਰੀਕੀਆਂ ਭਾਈਚਾਰੇ ਖ਼ਿਲਾਫ਼ ਹਿੰਸਾ ਅਤੇ ਵਿਦੇਸ਼ੀਆਂ ਨਾਲ ਨਫ਼ਰਤ ਦੀ ਭਾਵਨਾ ਨਾਲ ਨਜਿੱਠਣ ਲਈ ਹੋਰ ਕਦਮ ਉਠਾਉਣ ਦਾ ਐਲਾਨ ਕੀਤਾ ਹੈ। ਕੀਤੇ ਐਲਾਨਾਂ ਵਿੱਚ ਏਸ਼ਿਆਈ ਮੂਲ ਦੇ ਅਮਰੀਕੀਆਂ ਅਤੇ ਪ੍ਰਸ਼ਾਂਤ ਮਹਾਸਾਗਰ ਦੇਸ਼ਾਂ ਦੇ ਵਾਸੀਆਂ (ਏਏਪੀਆਈ) ’ਤੇ ਵ੍ਹਾਈਟ ਹਾਊਸ ਦੀ ਪਹਿਲ ਨੂੰ ਮੁੜ ਤੋਂ ਸ਼ੁਰੂ ਅਤੇ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਪਹਿਲ ਦਾ ਮਕਸਦ ਏਸ਼ਿਆਈ ਲੋਕਾਂ ਖ਼ਿਲਾਫ਼ ਭੇਦਭਾਵ ਅਤੇ ਹਿੰਸਾ ਨਾਲ ਨਜਿੱਠਣਾ ਹੈ। ਬਾਇਡਨ ਨੇ ਟਵੀਟ ਕੀਤਾ, ‘‘ਅਸੀਂ ਏਸ਼ਿਆਈ ਅਮਰੀਕੀਆਂ ਖ਼ਿਲਾਫ਼ ਵਧ ਰਹੀ ਹਿੰਸਾ ਦੇ ਮਾਮਲੇ ਵਿੱਚ ਚੁੰਪ ਨਹੀਂ ਬੈਠ ਸਕਦੇ। ਇਸ ਲਈ ਮੈਂ ਅੱਜ ਏਸ਼ਿਆਈ ਵਿਰੋਧੀ ਅਪਰਾਧਾਂ ਨਾਲ ਨਜਿੱਠਣ ਲਈ ਨਿਆਂ ਵਿਭਾਗ ਵਿੱਚ ਇੱਕ ਪਹਿਲ ਸ਼ੁਰੂ ਕਰਨ ਸਣੇ ਹੋਰ ਕਦਮ ਚੁੱਕਣ ਜਾ ਰਿਹਾ ਹਾਂ। ਇਹ ਹਮਲੇ ਗ਼ਲਤ ਹਨ, ਅਮਰੀਕਾ ਦੀ ਭਾਵਨਾ ਦੇ ਉਲਟ ਹਨ ਅਤੇ ਇਨ੍ਹਾਂ ਨੂੰ ਰੋਕਣਾ ਹੋਵੇਗਾ।’’ ਇਸ ਦੇ ਨਾਲ ਹੀ ਉਨ੍ਹਾਂ ਨੇ ੲੇਸ਼ਿਆਈ ਅਮਰੀਕੀਆਂ ਖ਼ਿਲਾਫ਼ ਨਫ਼ਰਤ ਦੀ ਭਾਵਨਾ ਖ਼ਤਮ ਕਰਨ ਲਈ ਕੋਵਿਡ-19 ਇਕੁਇਟੀ ਟਾਸਕ ਫੋਰਸ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਟਵੀਟ ਕੀਤਾ, ‘‘ਸਾਡੇ ਵਿੱਚੋਂ ਕਿਸੇ ਇੱਕ ਦਾ ਵੀ ਨੁਕਸਾਨ ਕਰਨਾ ਸਾਡੇ ਸਾਰਿਆਂ ਦਾ ਨੁਕਸਾਨ ਕਰਨਾ ਹੈ।’’ ਹੈਰਿਸ ਨੇ ਕਿਹਾ, ‘‘ਸਾਡਾ ਪ੍ਰਸ਼ਾਸਨ ਏਸ਼ਿਆਈ ਅਮਰੀਕੀ ਭਾਈਚਾਰੇ ਖ਼ਿਲਾਫ਼ ਵਧਦੀ ਹਿੰਸਾ ਨਾਲ ਨਜਿੱਠਣ ਲਈ ਕਦਮ ਚੁੱਕ ਰਿਹਾ ਹੈ।


Share