ਏਸ਼ੀਆਈ ਮੂਲ ਦੇ ਕੈਨੇਡੀਅਨ ਨਾਗਰਿਕਾਂ ’ਤੇ ਨਸਲੀ ਹਮਲਿਆਂ ਦੀਆਂ ਘਟਨਾਵਾਂ ’ਚ ਹੋਇਆ ਵਾਧਾ

351
Share

ਔਟਵਾ, 7 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੀ ਤਰ੍ਹਾਂ ਹੀ ਕੈਨੇਡਾ ’ਚ ਵੀ ਏਸ਼ੀਆਈ ਮੂਲ ਦੇ ਲੋਕਾਂ ਨਾਲ ਨਸਲੀ ਹਮਲੇ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ। ਕੋਰੋਨਾ ਕਾਲ ’ਚ ਇੱਥੇ ਏਸ਼ੀਆਈ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੇ ਨਾਲ ਦੁਰਵਿਹਾਰ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ। ਨੈਸ਼ਨਲ ਕੌਂਸਲ ਫਾਰ ਸੋਸ਼ਲ ਜਸਟਿਸ ਜਿਹੇ ਨਾਗਰਿਕ ਸਮੂਹਾਂ ਦੀ ਰਿਪੋਰਟ ਦੱਸਦੀ ਹੈ ਕਿ 10 ਮਾਰਚ 2020 ਤੋਂ 28 ਫਰਵਰੀ 2021 ਤੱਕ ਕੈਨੇਡਾ ਵਿਚ ਏਸ਼ੀਆਈ ਮੂਲ ਦੇ ਲੋਕਾਂ ਨਾਲ 1150 ਨਸਲੀ ਘਟਨਾਵਾਂ ਵਾਪਰੀਆਂ। ਇਨ੍ਹਾਂ ਵਿਚ ਸਰੀਰਕ ਹਮਲਿਆਂ ਤੋਂ ਇਲਾਵਾ, ਖੰਗਣਾ, ਥੁੱਕਣਾ ਅਤੇ ਭੱਦੀ ਸ਼ਬਦਾਵਲੀ ਵਰਤਣ ਤੱਕ ਦੇ ਮਾਮਲੇ ਸਾਹਮਣੇ ਆਏ। ਪਿਛਲੇ ਸਾਲ ਪੁਲਿਸ ਨੇ ਏਸ਼ੀਆਈ ਵਿਰੋਧੀ ਨਫ਼ਰਤੀ ਅਪਰਾਧ ਦੀਆਂ 98 ਘਟਨਾਵਾਂ ਦਰਜ ਕੀਤੀਆਂ, ਜੋ 2019 ਤੋਂ 12 ਜ਼ਿਆਦਾ ਹਨ। ਹਾਲਾਂਕਿ ਇਹ ਨਸਲੀ ਹਮਲੇ ਪਹਿਲਾਂ ਵੀ ਹੁੰਦੇ ਰਹੇ ਹਨ। ਸਾਲ 1907 ’ਚ ਵੈਨਕੁਵਰ ਅਤੇ ਉਸ ਦੇ ਨਜ਼ਦੀਕੀ ਜਪਾਨਟਾਊਨ ਵਿਚ ਪ੍ਰਵਾਸੀ ਵਿਰੋਧੀ ਕਾਨੂੰਨ ਦੇ ਖਿਲਾਫ਼ ਤਿੰਨ ਦਿਨ ਏਸ਼ੀਆਈ ਵਿਰੋਧੀ ਦੰਗੇ ਹੋਏ ਸਨ। ਤਦ ਏਸ਼ੀਆਈ ਬਾਈਕਾਟ ਲੀਗ ਦੇ ਮੁਖੀ ਦੀ ਅਗਵਾਈ ਵਿਚ ਦੰਗੇ ਭੜਕੇ ਸਨ।
ਕੈਨੇਡਾ ’ਚ ਏਸ਼ੀਆਈ ਇੰਮੀਗ੍ਰੇਸ਼ਨ ਦਾ ਇਤਿਹਾਸ ਓਨਾ ਹੀ ਨਸਲਵਾਦੀ ਰਿਹਾ, ਜਿੰਨਾ ਅਮਰੀਕਾ ਵਿਚ ਰਿਹਾ। ਕੈਨੇਡਾ ’ਚ 1923 ਤੋਂ 1947 ਤੱਕ ਚੀਨੀ ਬਾਈਕਾਟ ਕਾਨੂੰਨ ਤੋਂ ਬਾਅਦ ਚੀਨੀ ਪ੍ਰਵਾਸੀਆਂ ਦੇ ਰਾਹ ਬੰਦ ਕਰ ਦਿੱਤੇ। 1942 ’ਚ ਦੂਜੀ ਵਿਸ਼ਵ ਜੰਗ ਦੌਰਾਨ ਅਮਰੀਕਾ ਦੀ ਤਰ੍ਹਾਂ ਕੈਨੇਡਾ ਨੇ ਵੀ ਜਪਾਨੀ ਕੈਨੇਡੀਅਨ ਨਾਗਰਿਕਾਂ ਨੂੰ ਕੈਂਪਾਂ ’ਚ ਨਜ਼ਰਬੰਦ ਕਰ ਦਿੱਤਾ। ਅੱਜ ਵੀ ਸਭ ਤੋਂ ਗਰੀਬ ਤਬਕਾ ਏਸ਼ੀਆਈ ਮੂਲ ਦੇ ਲੋਕਾਂ ਦਾ ਹੀ ਮੰਨਿਆ ਜਾਂਦਾ ਹੈ।

Share