ਏਟੀਐਮ ਵਿੱਚ ਕੈਸ਼ ਜਮ੍ਹਾਂ ਕਰਵਾ ਰਹੇ ਵਿਅਕਤੀ ਦੀ ਲੁੱਟਖੋਹ ਕਰਨ ਵਾਲਾ ਗ੍ਰਿਫਤਾਰ

192
Share

ਸਰੀ, 21 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਸ੍ਰੀ ਆਰ ਸੀ ਐਮ ਪੀ ਨੇ ਨਿਊਟਨ ਇਲਾਕੇ ਵਿਚ ਇਕ ਬੈਂਕ ਦੇ ਏਟੀਐਮ ਵਿੱਚ ਕੈਸ਼ ਜਮ੍ਹਾਂ ਕਰਵਾ ਰਹੇ ਇਕ ਵਿਅਕਤੀ ਦੀ ਲੁੱਟਖੋਹ ਕਰਨ ਵਾਲੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਉੱਪਰ ਡਾਕੇ ਸਬੰਧੀ ਦੋਸ਼ ਲਾਏ ਗਏ ਹਨ।
ਆਰਸੀਐਮਪੀ ਦੀ ਪਬਲਿਕ ਰਿਲੇਸ਼ਨ ਅਫਸਰ ਸਰਬਜੀਤ ਕੌਰ ਸੰਘਾ ਨੇ ਦੱਸਿਆ ਹੈ ਕਿ 16 ਜਨਵਰੀ ਦੀ ਰਾਤ ਨੂੰ ਕਰੀਬ 8.54 ਵਜੇ 72 ਐਵੇਨਿਊ ਤੇ 13600 ਬਲਾਕ ਵਿਚ ਸਥਿਤ ਇਕ ਬੈਂਕ ਦੇ ਏਟੀਐਮ ਵਿੱਚ ਇਕ ਵਿਅਕਤੀ ਕੈਸ਼ ਜਮ੍ਹਾਂ ਕਰਵਾ ਰਿਹਾ ਸੀ ਕਿ ਉਸ ਸਮੇਂ ਉੱਥੇ ਇੱਕ ਹੋਰ ਵਿਅਕਤੀ ਨੇ ਆ ਕੇ ਉਸ ਦੀ ਲੁੱਟਖੋਹ ਕੀਤੀ। ਪੀੜਤ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਅਤੇ ਦੱਸੇ ਗਏ ਹੁਲੀਏ ਅਨੁਸਾਰ ਦੋਸ਼ੀ ਦੀ ਭਾਲ ਕਰਦਿਆਂ ਦੋਸ਼ੀ ਨੂੰ ਨੇੜਿਓਂ ਹੀ ਕਾਬੂ ਕਰ ਲਿਆ।
ਪੁਲੀਸ ਅਨੁਸਾਰ ਇਹ ਕਥਿਤ ਦੋਸ਼ੀ ਦਾ ਨਾਂ ਮੁਹੰਮਦ ਉਸਮਾਨ ਅਲਾਨੇ ਹੈ ਉਸ ਦੀ ਉਮਰ 31 ਸਾਲ ਹੈ। ਉਸ ਨੂੰ ਬੀਤੇ ਦਿਨ ਜੱਜ ਸਾਹਮਣੇ ਪੇਸ਼ ਕੀਤਾ ਗਿਆ ਅਤੇ ਅਗਲੀ ਪੇਸ਼ੀ ਤੱਕ ਉਸ ਨੂੰ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।
ਇਸੇ ਦੌਰਾਨ ਸਰਬਜੀਤ ਕੌਰ ਸੰਘਾ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਜਦੋਂ ਵੀ ਏਟੀਐਮ ਦੀ ਵਰਤੋਂ ਕਰਦੇ ਹਨ ਤਾਂ ਆਪਣੇ ਆਲੇ ਦੁਆਲੇ ਪ੍ਰਤੀ ਵੀ ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।


Share