ਏਅਰ ਨਿਊਜ਼ੀਲੈਂਡ ਦੀਆਂ 1300 ਨੌਕਰੀਆਂ ਜਾਣਗੀਆਂ ਕਿਉਂਕਿ ਲੰਬੀ ਉਡਾਰੀ ਵਾਲੇ ਜਹਾਜ਼ 2 ਮਹੀਨਿਆਂ ਤੋਂ ਖੜੇ

789

ਔਕਲੈਂਡ, 20 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੀਆਂ ਹਵਾਈ ਅਤੇ ਸਮੁੰਦਰੀ ਸਰਹੱਦਾਂ 19 ਮਾਰਚ ਤੋਂ ਕਰੋਨਾ ਮਹਾਂਮਾਰੀ ਕਾਰਨ ਬੰਦ ਹਨ। ਕੁਝ ਖਾਸ ਫਲਾਈਟਾਂ ਦੇ ਰਾਹੀਂ ਕੀਵੀ, ਪੱਕੇ ਵਸਨੀਕ ਅਤੇ ਜਰੂਰੀ ਲੋੜ ਵਾਲੇ ਲੋਕ ਇਥੇ ਆ ਰਹੇ ਹਨ। ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਨੇ 2 ਮਹੀਨੇ ਤੱਕ ਉਡੀਕ ਕਰਨ ਬਾਅਦ ਹੁਣ ਵੱਡੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਸੈਂਕੜੇ ਨੌਕਰੀਆਂ ਜਾ ਰਹੀਆਂ ਹਨ। ਏਅਰ ਨਿਊਜ਼ੀਲੈਂਡ ਦੀਆਂ ਲਗਪਗ 1300 ਨੌਕਰੀਆਂ ਖਤਮ ਹੋਣ ਵਾਲੀਆਂ ਹਨ ਜਿਸ ਕਾਰਨ ਨੌਕਰੀ ਕਰਦੇ ਲੋਕਾਂ ਦੀ ਚਿੰਤਾ ਬਹੁਤ ਵਧ ਗਈ ਹੈ। ਬਹੁਤੇ ਦੇਸ਼ਾਂ ਦੇ ਵਿਚ ਏਅਰ ਲਾਈਨਾਂ ਬੰਦ ਹੋਣ ਕਰਕੇ ਇਹ ਲੋਕ ਹੋਰ ਕਿਤੇ ਜਾ ਕੇ ਵੀ ਨੌਕਰੀ ਨਹੀਂ ਕਰ ਸਕਦੇ। ਲੰਬੀ ਉਡਾਰੀ ਵਾਲੇ ਜਹਾਜ਼ ਖੜੇ ਹਨ ਅਤੇ 950 ਨੌਕਰੀਆਂ ਇਥੋਂ ਹਾਲ ਦੀ ਘੜੀ ਖਤਮ ਹੋਣ ਜਾ ਰਹੀਆਂ ਹਨ। ਘਰੇਲੂ ਉਡਾਣਾ ਦੇ ਲਈ ਵੀ 300 ਕਾਮੇ ਹਟਾਏ ਜਾ ਰਹੇ ਹਨ। ਸਥਾਨਕ ਏਅਰ ਲਾਈਨਾਂ ਵੀ 97% ਨੌਕਰੀਆਂ ਖਤਮ ਕਰ ਰਹੀਆਂ ਹਨ। ਈ. ਟੀ. ਯੂਨੀਅਨ ਵਾਲਿਆਂ ਨੇ ਵੀ ਕੋਸ਼ਿਸ ਕੀਤੀ ਹੈ ਕਿ ਇਹ ਨੌਕਰੀਆਂ ਬਚ ਜਾਣ ਜਾਂ ਕਾਮਿਆਂ ਨੂੰ ਬਣਦਾ ਹੱਕ ਮਿਲੇ।
ਇਸੀ ਤਰ੍ਹਾਂ ਕੰਸਟ੍ਰਕਸ਼ਨ ਕੰਪਨੀ ਫਲੈਚਰ ਨੇ ਵੀ 1500 ਨੌਕਰੀਆਂ ਦੇ ਜਾਣ ਦਾ ਸੰਕੇਤ ਦਿੱਤਾ ਹੈ।