ਏਅਰ ਕੈਨੇਡਾ ਵੱਲੋਂ 10 ਅਪ੍ਰੈਲ ਤੱਕ ਚੀਨ ਲਈ ਸਾਰੀਆਂ ਉਡਾਨਾਂ ਰੱਦ

357
Share

ਟੋਰਾਂਟੋ, 28 ਫਰਵਰੀ (ਪੰਜਾਬ ਮੇਲ)-ਕੋਰੋਨਾ ਵਾਇਰਸ ਕਾਰਨ ਏਅਰ ਕੈਨੇਡਾ ਵੱਲੋਂ ਆਪਣੀਆਂ ਚੀਨ ਨੂੰ ਜਾਣ ਵਾਲੀਆਂ ਸਾਰੀਆਂ ਉਡਾਨਾਂ 10 ਅਪ੍ਰੈਲ ਤੱਕ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਕ ਮਹੀਨਾ ਪਹਿਲਾਂ ਏਅਰਲਾਈਨ ਟੋਰਾਂਟੋ, ਮਾਂਟਰੀਅਲ ਤੇ ਵੈਨਕੂਵਰ ਤੋਂ ਬੀਜਿੰਗ ਤੇ ਸ਼ੰਘਾਈ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਚੁੱਕੀ ਹੈ। ਹੁਣ ਇਨ੍ਹਾਂ ਉਡਾਨਾਂ ਨੂੰ ਛੇ ਹਫਤਿਆਂ ਲਈ ਹੋਰ ਰੱਦ ਕੀਤਾ ਜਾ ਰਿਹਾ ਹੈ। ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਹੁਣ ਇਹ ਵਾਇਰਸ ਕੋਵਿਡ 19 ਚੀਨ ਤੋਂ ਤਿੰਨ ਦਰਜਨ ਹੋਰ ਦੇਸ਼ਾਂ ਤੱਕ ਫੈਲ ਗਿਆ ਹੈ। ਇਸ ਨਾਲ 80,000 ਤੋਂ ਵੱਧ ਲੋਕ ਪ੍ਰਭਾਵਿਤ ਹੋ ਗਏ ਹਨ ਅਤੇ ਘੱਟੋ-ਘੱਟ 2700 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਏਅਰ ਕੈਨੇਡਾ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵੱਲੋਂ 30 ਅਪ੍ਰੈਲ ਤੱਕ ਟੋਰਾਂਟੋ ਤੇ ਹਾਂਗ ਕਾਂਗ ਦਰਮਿਆਨ ਚਲਾਈਆਂ ਜਾ ਰਹੀਆਂ ਆਪਣੀਆਂ ਸਿੱਧੀਆਂ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਏਅਰਲਾਈਨ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਮਾਰਕੀਟ ਵਿਚ ਮੰਗ ਘਟ ਗਈ ਹੈ। ਏਅਰ ਕੈਨੇਡਾ ਨੇ ਪਿਛਲੇ ਹਫਤੇ ਆਖਿਆ ਕਿ ਉਸ ਨੂੰ ਪਹਿਲੀ ਤਿਮਾਹੀ ਵਿਚ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਹ ਸਭ ਕੋਰੋਨਾਵਾਇਰਸ ਦਾ ਹੀ ਨਤੀਜਾ ਹੈ।


Share