ਏਅਰ ਕੈਨੇਡਾ ਵੱਲੋਂ ਟਿਕਟਾਂ ਦੀਆਂ ਤਰੀਕਾਂ ਵਧਾਉਣ ਲਈ ਵਸੂਲੇ ਜਾ ਰਹੇ ਪੈਸੇ ਨੇ ਪੰਜਾਬੀਆਂ ’ਤੇ ਪਾਇਆ ਵਿੱਤੀ ਬੋਝ

329
Share

ਜਲੰਧਰ, 26 ਮਈ (ਪੰਜਾਬ ਮੇਲ)- ਕੈਨੇਡਾ ਦੀ ਸਰਕਾਰੀ ਏਅਰਲਾਈਨ ਕੰਪਨੀ ‘ਏਅਰ ਕੈਨੇਡਾ’ ਨੇ ਵੱਡੀ ਗਿਣਤੀ ਪੰਜਾਬੀਆਂ ’ਤੇ ਵਿੱਤੀ ਬੋਝ ਪਾ ਦਿੱਤਾ ਹੈ। ਪਿਛਲੇ ਲਗਪਗ ਇਕ-ਡੇਢ ਸਾਲ ਦੌਰਾਨ ਏਅਰ ਕੈਨੇਡਾ ਨੇ ਪੰਜਾਬ ’ਚ 21 ਅਪ੍ਰੈਲ ਤੋਂ 21 ਜੂਨ ਤੱਕ ਦੇ ਸਮੇਂ ਲਈ ਏਜੰਟਾਂ ਰਾਹੀਂ ਲਗਪਗ ਅੱਠ ਹਜ਼ਾਰ ਟਿਕਟਾਂ ਵੇਚੀਆਂ ਸਨ, ਜਿਨ੍ਹਾਂ ਦੀਆਂ ਹੁਣ ਤਰੀਕਾਂ ਵਧਾਉਣ ਲਈ 25 ਤੋਂ 35 ਹਜ਼ਾਰ ਰੁਪਏ ਵੱਧ ਵਸੂਲ ਕੀਤੇ ਜਾ ਰਹੇ ਹਨ। ਇਸ ਬੇਲੋੜੇ ਆਰਥਿਕ ਬੋਝ ਨੇ ਪੰਜਾਬੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ, ਜਦਕਿ ਏਅਰਲਾਈਨ ਇਸ ਨੂੰ ਸਮੱਸਿਆ ਦਾ ਹੱਲ ਕਰਨ ਲਈ ਕੁਝ ਨਹੀਂ ਕਰ ਰਹੀ।
ਜ਼ਿਕਰਯੋਗ ਹੈ ਕਿ ਇਸ ਕੋਰੋਨਾ ਕਾਲ ’ਚ ਭਾਰਤ ਤੇ ਕੈਨੇਡਾ ਦਰਮਿਆਨ ਏਅਰ ਕੈਨੇਡਾ ਤੇ ਏਅਰ ਇੰਡੀਆ ਦੀਆਂ ਹੀ ਉਡਾਣਾਂ ਚੱਲ ਰਹੀਆਂ ਸਨ ਪਰ ਕੈਨੇਡਾ ਸਰਕਾਰ ਨੇ 21 ਅਪ੍ਰੈਲ ਨੂੰ ਅਚਾਨਕ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ, ਜਿਹੜੀ ਕਿ 21 ਜੂਨ ਤੱਕ ਲਾਗੂ ਰਹੇਗੀ। ਇਸ ਤੋਂ ਬਾਅਦ ਏਅਰ ਕੈਨੇਡਾ ਨੇ ਵੀ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ। ਏਅਰ ਕੈਨੇਡਾ ਨੇ ਭਾਰਤ ’ਚ ਟਿਕਟਾਂ ਵੇਚਣ ਵਾਲੀ ਆਪਣੀ ਕੰਪਨੀ ਆਰ.ਐੱਲ. ਗਰੁੱਪ ਰਾਹੀਂ ਇਸ ਸਮੇਂ ਦੀਆਂ ਲਗਪਗ ਅੱਠ ਹਜ਼ਾਰ ਟਿਕਟਾਂ ਇਕ-ਡੇਢ ਸਾਲ ਦੇ ਸਮੇਂ ਦੌਰਾਨ ਵੇਚ ਦਿੱਤੀਆਂ ਸਨ, ਜਿਨ੍ਹਾਂ ਦੀ ਕੀਮਤ ਕਰੀਬ 60 ਹਜ਼ਾਰ ਰੁਪਏ ਪ੍ਰਤੀ ਟਿਕਟ ਸੀ।
ਆਰ.ਐੱਲ. ਗਰੁੱਪ ਨੇ ਵੱਡੇ ਏਜੰਟਾਂ ਨੂੰ ਅਤੇ ਵੱਡੇ ਏਜੰਟਾਂ ਨੇ ਅੱਗੋਂ ਸਬ-ਏਜੰਟਾਂ ਅਤੇ ਸਿੱਧੇ ਲੋਕਾਂ ਤੇ ਵਿਦਿਆਰਥੀਆਂ ਨੂੰ ਇਹ ਟਿਕਟਾਂ ਵੇਚ ਦਿੱਤੀਆਂ। ਫਲਾਈਟਾਂ ਦਾ ਸੰਚਾਲਨ 23 ਜੂਨ ਤੋਂ ਬਾਅਦ ਫਿਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਜਿਹੇ ’ਚ ਇਸ ਅਰਸੇ ਦੀਆਂ ਟਿਕਟਾਂ ਦੀ ਤਰੀਕ ਐਡਜਸਟ ਕੀਤੀ ਜਾ ਰਹੀ ਹੈ ਪਰ ਇਸ ਦੇ ਇਵਜ਼ ’ਚ ਏਅਰ ਕੈਨੇਡਾ ਵੱਲੋਂ 25 ਤੋਂ 35 ਹਜ਼ਾਰ ਰੁਪਏ ਤੱਕ ਵਾਧੂ ਵਸੂਲ ਕੀਤੇ ਜਾ ਰਹੇ ਹਨ। ਇਸ ਪਿੱਛੇ ਤਰਕ ਦਿੱਤਾ ਜਾ ਰਿਹਾ ਹੈ ਕਿ ਜੁਲਾਈ ਅਗਸਤ ਦੇ ਮਹੀਨੇ ਦਾ ਏਅਰ ਫੇਅਰ ਵੱਧ ਹੁੰਦਾ ਹੈ, ਇਸ ਲਈ ਉਸ ਹਿਸਾਬ ਨਾਲ ਪੁਰਾਣੀਆਂ ਟਿਕਟਾਂ ਦੀਆਂ ਤਰੀਕਾਂ ਵਧਾਉਣ ’ਤੇ ਵੀ ਇਹ ਵਸੂਲ ਕੀਤਾ ਜਾਵੇਗਾ।

Share