ਏਅਰ ਕੈਨੇਡਾ ਜਲਦ ਕਰ ਸਕਦੀ ਹੈ 1500 ਵਰਕਰਾਂ ਦੀ ਛਾਂਟੀ

351
Share

ਓਟਵਾ, 11 ਫਰਵਰੀ (ਪੰਜਾਬ ਮੇਲ)-ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਨੇ ਆਪਣੇ 1500 ਵਰਕਰਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਜਲਦ ਨੌਕਰੀ ਤੋਂ ਹੱਥ ਧੋ ਬੈਠਣਗੇ। ਇਸ ਦਾ ਕਾਰਨ ਨਵੀਆਂ ਸੈਰ-ਸਪਾਟਾ ਬੰਦਿਸ਼ਾਂ ਅਤੇ ਹਵਾਈ ਸਫ਼ਰ ਦੀ ਘਟੀ ਹੋਈ ਮੰਗ ਦੱਸਿਆ ਗਿਆ ਹੈ। ਏਅਰ ਕੈਨੇਡਾ ਨੇ ਕਿਹਾ ਕਿ ਉਹ ਅਸਥਾਈ ਤੌਰ ’ਤੇ ਆਪਣੀ ਵਰਕ ਫੋਰਸ ਵਿਚੋਂ 1500 ਲੋਕਾਂ ਦੀ ਕਟੌਤੀ ਕਰਨ ਜਾ ਰਹੀ ਹੈ। ਇਹ ਫ਼ੈਸਲਾ ਬੀਤੇ ਹਫ਼ਤੇ ਚੁੱਕੇ ਕਦਮ ਕਿ ਸਾਰੀਆਂ ਰਫ ਫਲਾਈਟਾਂ ਅਸਥਾਈ ਤੌਰ ’ਤੇ ਬੰਦ ਕਰ ਦਿੱਤੀਆਂ ਜਾਣਗੀਆਂ, ਜਿਸ ਕਾਰਨ 80 ਨੌਕਰੀਆਂ ਖ਼ਤਮ ਹੋਈਆਂ ਸਨ, ਉਸੇ ਕ੍ਰਮ ਵਿਚ ਹੀ ਆਇਆ ਹੈ। ਏਅਰਲਾਈਨ ਦੀ ਸਭ ਤੋਂ ਵੱਡੀ ਯੂਨੀਅਨ ਸੀ. ਯੂ. ਪੀ. ਈ. ਨੇ ਕਿਹਾ ਹੈ ਕਿ ਸਭ ਕੁਝ ਫੈਡਰਲ ਸਰਕਾਰ ਦੇ ਕੈਨੇਡਾ ਆਉਣ ਵਾਲੇ ਸਾਰੇ ਲੋਕਾਂ ਲਈ ਲਾਜ਼ਮੀ ਕੁਆਰੰਟਾਈਨ ਨਿਯਮ ਅਤੇ ਮੈਕਸੀਕੋ ਤੇ ਕੈਰੀਬੀਅਨ ਨੂੰ ਉਡਾਣਾਂ ਮੁਲਤਵੀ ਰੱਖੇ ਜਾਣ ਕਾਰਨ ਹੋ ਰਿਹਾ ਹੈ। ਸੀ. ਯੂ. ਪੀ. ਈ. ਮੈਂਬਰਾਂ ਵਿਚੋਂ ਘੱਟੋ-ਘੱਟ 900 ਨੌਕਰੀਆਂ ਖੁੱਸਣਗੀਆਂ। ਸੀ. ਯੂ. ਪੀ. ਈ. ਦੇ ਏਅਰ ਕੈਨੇਡਾ ਕੰਪੋਨੈਂਟ ਦੀ ਪ੍ਰਤੀਨਿਧਤਾ ਕਰਦੇ ਵੈਸਲੀ ਲੈਮੋਸਕੀ ਨੇ ਕਿਹਾ ਹੈ ਕਿ ਅਸੀਂ ਕੈਨੇਡਾ ਵਿਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ ਫੈਲਾਅ ਤੋਂ ਬਚਾਅ ਲਈ ਉਪਾਵਾਂ ਦੀ ਲੋੜ ਦੀ ਸ਼ਲਾਘਾ ਕਰਦੇ ਹਾਂ ਪਰ ਬੰਦਿਸ਼ਾਂ ਦੇ ਨਾਲ-ਨਾਲ ਹੱਲ ਵੀ ਹੋਵੇ। ਏਅਰਲਾਈਨ ਅਗਲੇ ਹਫ਼ਤੇ ਤੋਂ ਜਿਹੜੇ 17 ਤੋਂ ਵੱਧ ਰੂਟਾਂ ’ਤੇ ਸੇਵਾ ਬੰਦ ਕਰਨ ਜਾ ਰਹੀ ਹੈ, ਉਨ੍ਹਾਂ ਦਾ ਵੇਰਵਾ ਹੈ : ਟੋਰਾਂਟੋ ਤੋਂ ਮਾਇਰਜ਼ ਫ਼ਲ, ਟੋਰਾਂਟੋ ਤੋਂ ਬੋਸਟਨ, ਟੋਰਾਂਟੋ ਤੋਂ ਵਾਸ਼ਿੰਗਟਨ ਡੀਸੀ (ਰੀਗਨ), ਟੋਰਾਂਟੋ ਤੋਂ ਡੈਨੇਵਰ, ਟੋਰਾਂਟੋ ਤੋਂ ਨਿਊਯਾਰਕ ਸਿਟੀ (ਲਾਗਾਰਡੀਆ), ਮਾਂਟਰੀਅਲ ਤੋਂ ਬੋਸਟਨ, ਮਾਂਟਰੀਅਲ ਤੋਂ ਲਾਗਾਰਡੀਆ, ਵੈਨਕੂਵਰ ਤੋਂ ਸਿਆਟਲ, ਟੋਰਾਂਟੋ ਤੋਂ ਬੋਗੋਟਾ (ਕੋਲੰਬੀਆ), ਟੋਰਾਂਟੋ ਤੋਂ ਸਾਓ ਪਾਓਲੋ (ਬ੍ਰਾਜ਼ੀਲ), ਟੋਰਾਂਟੋ ਤੋਂ ਹਾਂਗਕਾਂਗ, ਟੋਰਾਂਟੋ ਤੋਂ ਤੇਲਅਵੀਵ (ਇਸਰਾਈਲ), ਮਾਂਟਰੀਅਲ ਤੋਂ ਬੋਗੋਟਾ (ਕੋਲੰਬੀਆ), ਵੈਨਕੂਵਰ ਤੋਂ ਲੰਡਨ (ਯੂ. ਕੇ,), ਵੈਨਕੂਵਰ ਤੋਂ ਟੋਕੀਓ (ਨਾਰੀਟਾ), ਟੋਰਾਂਟੋ ਤੋਂ ਡਬਲਿਨ (ਆਇਰਲੈਂਡ)
ਏਅਰ ਕੈਨੇਡਾ ਨੇ ਕਿਹਾ ਕਿ ਪ੍ਰਭਾਵਿਤ ਗਾਹਕ, ਜਿਨ੍ਹਾਂ ਨੇ ਬੁਕਿੰਗ ਕਰਵਾਈਆਂ ਹੋਈਆਂ ਹਨ, ਉਨ੍ਹਾਂ ਨਾਲ ਬਦਲਵੇਂ ਰੂਟਾਂ ਸਹਿਤ ਬਦਲਾਂ ਸਮੇਤ ਸੰਪਰਕ ਕੀਤਾ ਜਾਵੇਗਾ। ਕੈਲਗਰੀ ਆਧਾਰਿਤ ਸੁਤੰਤਰ ਏਅਰਲਾਈਨ ਵਿਸ਼ਲੇਸ਼ਕ ਰਿਕ ਇਰਿਕਸਨ, ਜੋ ਕਿ ਏਅਰ ਕੈਨੇਡਾ ਨਾਲ ਕੋਈ ਵਿੱਤੀ ਸਬੰਧ ਨਹੀਂ ਰੱਖਦਾ, ਦਾ ਕਹਿਣਾ ਹੈ ਕਿ ਇਹ ਖ਼ਬਰ ਬੇਹੱਦ ਸੰਜੀਦਾ ਅਤੇ ਕੈਨੇਡਾ ਦੇ ਏਅਰ ਕੈਰੀਅਰ ਸੈਕਟਰ ਦੀਆਂ ਅੱਖਾਂ ਖੋਲ੍ਹਣ ਵਾਲੀ ਹੈ। ਨੌਕਰੀਆਂ ’ਚ ਕਟੌਤੀ ਦਾ ਮਤਲਬ ਹੈ ਕਿ ਏਅਰ ਕੈਨੇਡਾ ਆਪਣੀ ਵਰਕ ਫੋਰਸ ਵਿਚ ਅੱਧੀ ਕਟੌਤੀ ਕਰ ਚੁੱਕੀ ਹੈ। ਮਹਾਮਾਰੀ ਤੋਂ ਪਹਿਲਾਂ ਉਸਦੀ ਵਰਕ ਫੋਰਸ 40 ਹਜ਼ਾਰ ਸੀ ਜੋ ਹੁਣ ਘਟ ਕੇ 20 ਹਜ਼ਾਰ ਰਹਿ ਚੁੱਕੀ ਹੈ। ਵੈਸਟਜੈੱਟ ਨੇ ਵੀ ਇਹੀ ਕੰਮ ਕੀਤਾ। ਉਸ ਦੀ 14 ਹਜ਼ਾਰ ਵਰਕਰਾਂ ਤੋਂ ਵਰਕਫੋਰਸ ਘਟ ਕੇ ਹੁਣ¿; ਲਗਭਗ 3500 ਰਹਿ ਗਈ ਹੈ। ਏਰਿਕਸਨ ਨੇ ਕਿਹਾ ਕਿ ਉਸ ਨੂੰ ਰੂਟਾਂ ਦੀ ਮੁਅੱਤਲੀ ’ਤੇ ਹੋਰ ਵੀ ਵੱਧ ਹੈਰਾਨੀ ਹੋਈ ਕਿਉਂਕਿ ਉਹ ਸਿਰਫ਼ ਅਮਰੀਕਾ ਅਤੇ ਕੈਰੇਬੀਅਨ ਤੱਕ ਹੀ ਸੀਮਤ ਨਹੀਂ ਸਗੋਂ ਹੋਰ ਨਵੀਆਂ ਥਾਵਾਂ ਨੂੰ ਵੀ ਇਨ੍ਹਾਂ ’ਚ ਸ਼ਾਮਲ ਕੀਤਾ ਗਿਆ ਹੈ। ਏਅਰ ਕੈਨੇਡਾ ਨੇ ਉਨ੍ਹਾਂ ਰੂਟਾਂ ਤੋਂ ਵੀ ਹੱਥ ਖਿੱਚੇ ਹਨ, ਜਿਨ੍ਹਾਂ ਉੱਤੇ ਟਰੈਵਲ ਲਿਮਟ ਨਹੀਂ ਅਤੇ ਹੋਰ ਏਅਰਲਾਈਨਾਂ ਉਥੇ ਸੇਵਾ ਮੁਹੱਈਆ ਕਰ ਰਹੀਆਂ ਹਨ। ਹਾਲਾਤ ਬੇਹੱਦ ਖਰਾਬ ਹਨ। ਏਅਰ ਕੈਰੀਅਰ ਕੋਲ ਕੋਈ ਬਦਲ ਨਹੀਂ ਬਚਿਆ ਹੈ ਸਿਵਾਏ ਕਟੌਤੀਆਂ ਦੇ।

Share