ਏਅਰ ਇੰਡੀਆ ਨੇ ਅੰਮਿ੍ਰਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਮੁੱਖ ਉਡਾਣਾਂ ਦੀ ਬੁਕਿੰਗ ਕੀਤੀ ਰੱਦ

287
ਸਮੀਪ ਸਿੰਘ ਗੁਮਟਾਲਾ
Share

-ਹਜੂਰ ਸਾਹਿਬ ਨਾਂਦੇੜ ਅਤੇ ਰੋਮ ਦੀਆਂ ਉਡਾਣਾਂ ਨੂੰ ਬੰਦ ਕੀਤੇ ਜਾਣ ਦਾ ਖਦਸ਼ਾ
ਅੰਮਿ੍ਰਤਸਰ, 25 ਅਕਤੂਬਰ (ਪੰਜਾਬ ਮੇਲ)- ਫਲਾਈ ਅੰਮਿ੍ਰਤਸਰ ਇਨੀਸ਼ਿਏਟਿਵ ਨੇ ਏਅਰ ਇੰਡੀਆ ਵਲੋਂ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮਿ੍ਰਤਸਰ ਤੋਂ ਸਿੱਖਾਂ ਦੇ ਪੰਜ ਤਖਤਾਂ ਵਿਚੋਂ ਇਕ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਇਟਲੀ ਦੇ ਇਤਿਹਾਸਕ ਸ਼ਹਿਰ ਰੋਮ ਲਈ ਚੱਲ ਰਹੀਆਂ ਸਿੱਧੀਆਂ ਉਡਾਣਾਂ ਨੂੰ 31 ਅਕਤੂਬਰ ਤੋਂ ਬਾਦ ਵੀ ਚਾਲੂ ਰੱਖਣ ਦੀ ਮੰਗ ਕੀਤੀ ਹੈ।
ਪ੍ਰੈੱਸ ਨੂੰ ਜਾਰੀ ਇਕ ਵਿਸ਼ੇਸ਼ ਬਿਆਨ ਵਿਚ ਫਲਾਈ ਅੰਮਿ੍ਰਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਪੰਜਾਬ ਦੇ ਮੁੱਖ-ਮੰਤਰੀ ਸ. ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧਿਆਨ ਦਿਵਾਉਦੇ ਹੋਏ ਉਨ੍ਹਾਂ ਨੂੰ ਇਸ ਮਸਲੇ ਸੰਬੰਧੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆਂ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ।
ਗੁਮਟਾਲਾ ਨੇ ਸਰਦ ਰੁੱਤ ਦੀ ਸਮਾਂ ਸੂਚੀ ਵਿਚ ਇਨ੍ਹਾਂ ਉਡਾਣਾਂ ਦੀ ਬੁਕਿੰਗ ਰੱਦ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵਲੋਂ ਏਅਰ ਇੰਡੀਆ ਨੂੰ ਟਾਟਾ ਸੰਨਜ਼ ਲਿਮੀਟਿਡ ਦੇ ਹਵਾਲੇ ਕਰਨ ਤੋਂ ਪਹਿਲਾਂ ਗੁਰੂ ਕੀ ਨਗਰੀ ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਇਕ ਵੱਡਾ ਝਟਕਾ ਲੱਗ ਸਕਦਾ ਹੈ। ਆਉਂਦੇ ਨਵੰਬਰ ਮਹੀਨੇ ਤੋਂ ਏਅਰ ਇੰਡੀਆ ਦੀ ਬਹੁਤ ਹੀ ਪ੍ਰਸਿੱਧ ਨਾਂਦੇੜ – ਅੰਮਿ੍ਰਤਸਰ ਸਿੱਧੀ ਉਡਾਣ ਦੀ ਬੁਕਿੰਗ ਏਅਰਲਾਈਨ ਜਾਂ ਟਰੈਵਲ ਏਜੰਸੀਆਂ ਦੀ ਵੈਬਸਾਈਟ ’ਤੇ ਉਪਲੱਬਧ ਨਹੀਂ ਹੈ। ਇਹੀ ਨਹੀਂ, ਹਫਤੇ ਵਿਚ ਕੇਵਲ ਇਕ ਦਿਨ ਚਲਾਈ ਜਾਂਦੀ ਦਿੱਲੀ – ਅੰਮਿ੍ਰਤਸਰ ਰੋਮ ਸਿੱਧੀ ਉਡਾਣ ਦੀ ਬੁਕਿੰਗ ਵੀ 30 ਅਕਤੂਬਰ ਤੋਂ ਬਾਦ ਵੈਬਸਾਈਟ ’ਤੇ ਬੰਦ ਕਰ ਦਿੱਤੀ ਗਈ ਹੈ। ਏਅਰ ਇੰਡੀਆ ਵਲੋਂ ਆਪਣੀ ਵੈਬਸਾਈਟ ’ਤੇ ਦਿੱਤੀ ਗਈ ਅੰਤਰਰਾਸ਼ਟਰੀ ਉਡਾਣਾਂ ਦੀ ਸਮਾਂ-ਸੂਚੀ ਵਿਚ ਹੁਣ 28 ਅਕਤੂਬਰ ਤੋਂ ਬਾਦ ਇਹ ਉਡਾਣ ਉਪਲੱਬਧ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਇਸ ਸਮੇਂ ਹਫਤੇ ਵਿਚ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਵਾਲੇ ਦਿਨ ਨਾਂਦੇੜ ਉਡਾਣ ਦਾ ਸੰਚਾਲਨ ਕਰ ਰਹੀ ਹੈ। ਇਹ ਦਿੱਲੀ ਤੋਂ ਸਵੇਰੇ ਅੰਮਿ੍ਰਤਸਰ ਲਈ ਉਡਾਣ ਭਰਦੀ ਹੈ ਅਤੇ ਫਿਰ ਸਵੇਰੇ 6:50 ਵਜੇ ਨਾਂਦੇੜ ਲਈ ਰਵਾਨਾ ਹੁੰਦੀ ਹੈ। ਇਸ ਉਡਾਣ ਨਾਲ ਅੰਮਿ੍ਰਤਸਰ ਨਾਂਦੇੜ ਦਰਮਿਆਨ ਯਾਤਰਾ ਲਈ ਸਿਰਫ ਢਾਈ ਘੰਟੇ ਦਾ ਸਮਾਂ ਲੱਗਦਾ ਹੈ। ਨਾਂਦੇੜ ਸਿੱਖ ਭਾਈਚਾਰੇ ਲਈ ਵੀ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ ਅਤੇ ਇਸ ਉਡਾਣ ਦੇ ਮੁਅੱਤਲ ਹੋਣ ਨਾਲ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਹੋਵੇਗੀ।
ਗੁਮਟਾਲਾ ਨੇ ਅੱਗੇ ਦੱਸਿਆ ਕਿ ਅੰਮਿ੍ਰਤਸਰ-ਨਾਂਦੇੜ ਦੇ ਵਿਚਕਾਰ ਸਿੱਧੀ ਉਡਾਣ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦੇਸ਼ ਤੋਂ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀ ਅਤੇ ਪੰਜਾਬ ਦੇ ਨਾਲ-ਨਾਲ ਦੂਜੇ ਗੁਆਂਢੀ ਰਾਜਾਂ ਦੇ ਯਾਤਰੀ ਵੀ ਦਰਸ਼ਨ ਕਰਨ ਲਈ ਇਸ ਉਡਾਣ ਰਾਹੀਂ ਜਾਂਦੇ ਹਨ। ਇਹ ਸਿੱਧੀ ਉਡਾਣ ਬੜੇ ਲੰਮੇ ਸਮੇਂ ਤੋਂ ਪੰਜਾਬੀਆਂ ਦੁਆਰਾ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖਕੇ ਸ਼ੁਰੂ ਕੀਤੀ ਗਈ ਸੀ। ਇਸ ਦੇ ਬੰਦ ਹੋਣ ਨਾਲ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ।
ਸਮਾਜ ਸੇਵੀ ਸੰਸਥਾ ਅੰਮਿ੍ਰਤਸਰ ਵਿਕਾਸ ਮੰਚ ਦੇ ਸਕੱਤਰ ਅਤੇ ਫਲਾਈ ਅੰਮਿ੍ਰਤਸਰ ਦੇ ਭਾਰਤ ’ਚ ਕਨਵੀਨਰ ਯੋਗੇਸ਼ ਕਾਮਰਾ ਜੋ ਕਿ ਹਵਾਈ ਅੱਡੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ, ਦਾ ਕਹਿਣਾ ਹੈ ਕਿ ਏਅਰ ਇੰਡੀਆ ਵਲੋਂ ਕੋਵਿਡ ਦੌਰਾਨ ਇਨ੍ਹਾਂ ਉਡਾਣਾਂ ਵਿਚ 70 ਪ੍ਰਤੀਸ਼ਤ ਤੋਂ ਵੱਧ ਯਾਤਰੀਆਂ ਦੇ ਸਫਰ ਕਰਨ ਦੇ ਬਾਵਜੂਦ ਵੀ ਬੰਦ ਕੀਤਾ ਜਾ ਰਿਹਾ ਹੈ।
ਕਾਮਰਾ ਨੇ ਦੱਸਿਆ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਏਅਰ ਇੰਡੀਆ ਵਲੋਂ 23 ਅਕਤੂਬਰ ਨੂੰ ਇਕ ਟਵੀਟ ਕੀਤਾ ਗਿਆ ਕਿ ਅੰਮਿ੍ਰਤਸਰ ਤੋਂ ਨਾਂਦੇੜ ਲਈ ਸਿੱਧੀ ਉਡਾਣ ਭਰੋ ਤੇ ਇਸ ਲਈ ਬੁਕਿੰਗ ਸਾਡੀ ਵੈਬਸਾਈਟ ’ਤੇ ਕਰੋ। ਉਨ੍ਹਾਂ ਕਿਹਾ ਕਿ ਇਸ ਟਵੀਟ ਤੋਂ ਬਾਦ ਮੇਰੇ ਸਮੇਤ ਕਈਆਂ ਹੋਰਨਾਂ ਵਲੋਂ ਵੀ ਏਅਰ ਇੰਡੀਆ ਨੂੰ ਸਵਾਲ ਵੀ ਕੀਤੇ ਜਾ ਰਹੇ ਹਨ ਕਿ ਇਹ ਉਡਾਣ ’ਤੇ ਨਵੰਬਰ ਤੋਂ ਉਪਲੱਬਧ ਹੀ ਨਹੀਂ ਹੈ ਪਰ ਏਅਰ ਇੰਡੀਆ ਵਲੋਂ ਇਸ ਦਾ ਕੋਈ ਜਵਾਬ ਨਹੀ ਦਿੱਤਾ ਗਿਆ।¿;
ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਅੰਮਿ੍ਰਤਸਰ ਤੋਂ ਰੋਮ ਅਤੇ ਮਿਲਾਨ ਲਈ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਕਈ ਪ੍ਰਾਈਵੇਟ ਚਾਰਟਰ ਉਡਾਣਾਂ ਸਪਾਈਸਜੈੱਟ, ਇੰਡੀਗੋ ਅਤੇ ਹੁਣ ਇਟਲੀ ਦੀ ਨਿਓਜ਼ ਏਅਰ ਵਲੋਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਰੂਟ ’ਤੇ ਬਹੁਤ ਵੱਡੀ ਗਿਣਤੀ ’ਚ ਯਾਤਰੀ ਸਫਰ ਕਰਦੇ ਹਨ। ਇਸ ਲਈ ਏਅਰ ਇੰਡੀਆ ਉਡਾਣਾਂ ਦੀ ਗਿਣਤੀ ਵਧਾਉਣ ਦੀ ਥਾਂ ’ਤੇ ਹਫਤੇ ਵਿਚ ਇਕ ਦਿਨ ਚਲਦੀ ਇਸ ਉਡਾਣ ਨੂੰ ਵੀ ਬੰਦ ਕਰ ਰਹੀ ਹੈ, ਜੋ ਕਿ ਮੰਦਭਾਗੀ ਗੱਲ ਹੈ।
ਉਨ੍ਹਾਂ ਦੱਸਿਆ ਕਿ ਮੈਂ ਇਹ ਮਾਮਲਾ ਅੰਮਿ੍ਰਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਧਿਆਨ ਵਿਚ ਵੀ ਲਿਆਂਦਾ ਹੈ। ਅਸੀਂ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਏਅਰ ਇੰਡੀਆ ਦੇ ਸੀ.ਐੱਮ.ਡੀ. ਨੂੰ ਵੀ ਇਸ ਫੈਸਲੇ ’ਤੇ ਮੁੜ ਸਮੀਖਿਆ ਕਰਨ ਦੀ ਅਪੀਲ ਕਰਦੇ ਹਾਂ।

Share