ਨਵੀਂ ਦਿੱਲੀ, 23 ਮਾਰਚ (ਪੰਜਾਬ ਮੇਲ)- ਏਅਰ ਇੰਡੀਆ ਨੇ ਇਕ ਵੱਡਾ ਕਦਮ ਉਠਾਉਂਦਿਆਂ ਲੋਕਲ ਏਜੰਟਾਂ ਨੂੰ ਕੈਨੇਡਾ ਦੀਆਂ ਟਿਕਟਾਂ ਬੁੱਕ ਕਰਨ ਤੋਂ ਸਖ਼ਤੀ ਨਾਲ ਰੋਕ ਦਿੱਤਾ ਹੈ। ਟਾਟਾ ਗਰੁੱਪ ਦੇ ਕੰਟਰੋਲ ਵਿਚ ਆ ਚੁੱਕੀ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਦਾ ਕਹਿਣਾ ਹੈ ਕਿ ਏਜੰਟਾਂ ਵੱਲੋਂ ਕੀਤੀ ਜਾਂਦੀ ਬੇਈਮਾਨੀ ਇਸ ਪਾਬੰਦੀ ਦਾ ਸਭ ਤੋਂ ਵੱਡਾ ਕਾਰਨ ਬਣੀ, ਜੋ ਖੁਦ ਹੀ ਸੀਟਾਂ ਬੁਕ ਕਰ ਲੈਂਦੇ ਅਤੇ ਮੁਸਾਫ਼ਰਾਂ ਨੂੰ ਚਾਰ ਗੁਣਾ ਕੀਮਤ ’ਤੇ ਵੇਚੀਆਂ ਜਾਂਦੀਆਂ।
‘ਇਕਨੌਮਿਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਏਜੰਟਾਂ ਦੀ ਹੇਰਾਫੇਰੀ ਨਾਲ ਨਾ ਸਿਰਫ਼ ਮੁਸਾਫ਼ਰਾਂ ’ਤੇ ਆਰਥਿਕ ਬੋਝ ਵਧਿਆ, ਬਲਕਿ ਏਅਰਲਾਈਨ ਨੂੰ ਵੀ ਨੁਕਸਾਨ ਉਠਾਉਣਾ ਪਿਆ। ਏਅਰ ਇੰਡੀਆ ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ 27 ਮਾਰਚ ਤੋਂ ਇੰਟਰਨੈਸ਼ਨਲ ਫ਼ਲਾਈਟਸ ’ਤੇ ਲੱਗੀ ਪਾਬੰਦੀ ਹਟ ਰਹੀ ਹੈ।