ਉੱਤਰ ਪ੍ਰਦੇਸ਼ ਦੇ ਮਗਹਰ ’ਚ ਤਾਲਾਬੰਦੀ ਕਾਰਨ ਫਸੇ ਟਰੱਕ ਡਰਾਈਵਰਾਂ ਲਈ ਸ਼੍ਰੋਮਣੀ ਕਮੇਟੀ ਨੇ ਕੀਤਾ ਲੰਗਰ ਦਾ ਪ੍ਰਬੰਧ

939
Share

ਅੰਮ੍ਰਿਤਸਰ, 9 ਮਈ (ਪੰਜਾਬ ਮੇਲ)-ਉੱਤਰ ਪ੍ਰਦੇਸ਼ ਅੰਦਰ ਕੋਰੋਨਾ ਮਹਾਂਮਾਰੀ ਦੌਰਾਨ ਕਰਫਿਊ ਕਾਰਨ ਰੁਕੇ ਟਰੱਕ ਡਰਾਈਵਰਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ। ਯੂ. ਪੀ. ਵਿਚ ਭਗਤ ਕਬੀਰ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਮਗਹਰ ਗੋਰਖਪੁਰ ਵਿਖੇ ਠਹਿਰੇ ਟਰੱਕ ਡਰਾਈਵਰਾਂ ਲਈ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਅਧੀਨ ਕਾਰਜਸ਼ੀਲ ਸਿੱਖ ਮਿਸ਼ਨ ਹਾਪੁੜ ਵੱਲੋਂ ਮੱਦਦ ਦੀ ਪਹਿਲਕਦਮੀਂ ਕੀਤੀ ਗਈ ਹੈ। ਇਥੇ ਡਰਾਈਵਰਾਂ ਅਤੇ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਸੇਵਾਵਾਂ ਜਾਰੀ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਯੂ.ਪੀ. ਅੰਦਰ ਸਿੱਖ ਮਿਸ਼ਨ ਵੱਲੋਂ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜੋ ਲੰਗਰ ਲਈ ਕਾਰਜਸ਼ੀਲ ਹਨ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਮਗਹਰ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਬੀਬੀ ਪਰਮਜੀਤ ਕੌਰ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਯੂ.ਪੀ. ਸਿੱਖ ਮਿਸ਼ਨ ਦੇ ਇੰਚਾਰਜ ਭਾਈ ਬ੍ਰਿਜ਼ਪਾਲ ਸਿੰਘ ਦੀ ਦੇਖ-ਰੇਖ ’ਚ ਸੇਵਾਦਾਰ ਡਿਊਟੀਆਂ ਨਿਭਾਅ ਰਹੇ ਹਨ। ਲੰਗਰ ਵਰਤਾਉਣ ਸਮੇਂ ਆਪਸੀ ਦੂਰੀ ਦਾ ਵੀ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ ਦੇ ਯੂ.ਪੀ. ਹਾਪੁੜ ਦੇ ਕਰਮਚਾਰੀਆਂ ਨੂੰ ਪ੍ਰਸ਼ਾਸਨ ਦੀਆਂ ਹਿਦਾਇਤਾਂ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਸੇਵਾਵਾਂ ਨਿਭਾਉਣ ਲਈ ਆਖਿਆ ਗਿਆ ਹੈ।

Share