ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ 1 ਮਈ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਆਇਆ ਨਜ਼ਰ

1053
Share

ਪਿਯੋਂਗਯਾਂਗ, 25 ਮਈ (ਪੰਜਾਬ ਮੇਲ)-  ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਅੱਜ ਦੇਸ਼ ਦੀ ਪ੍ਰਮਾਣੂ ਸਮਰੱਥਾ ਵਧਾਉਣ ਨੂੰ ਲੈ ਕੇ ਬੈਠਕ ਕੀਤੀ। ਉਹ 1 ਮਈ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਨਜ਼ਰ ਆਇਆ। ਪਹਿਲਾਂ ਵੀ ਉਹ 20 ਦਿਨ ਲਾਪਤਾ ਰਿਹਾ ਸੀ, ਜਿਸ ਤੋਂ ਬਾਅਦ ਉਸ ਦੀ ਸਿਹਤ ਖਰਾਬ ਹੋਣ ਨੂੰ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ। ਉਹ 15 ਅਪ੍ਰੈਲ ਨੂੰ ਆਪਣੇ ਦਾਦੇ ਦੀ ਯਾਦ ‘ਚ ਹੋਏ ਪ੍ਰੋਗਰਾਮ ‘ਚ ਵੀ ਸ਼ਾਮਲ ਨਹੀਂ ਹੋਇਆ ਸੀ।

ਕਿਮ ਨੇ ਐਤਵਾਰ ਨੂੰ ਸੱਤਾਰੂੜ ਵਰਕਰਸ ਪਾਰਟੀ ਦੇ ਸੈਂਟਰਲ ਮਿਲਟਰੀ ਕਮਿਸ਼ਨ ਦੀ ਬੈਠਕ ਦੀ ਅਗਵਾਈ ਕੀਤੀ। ਉਸ ਦੇ ਪਹੁੰਚਣ ਮਗਰੋਂ ਮਾਸਕ ਪਾ ਕੇ ਬੈਠੇ ਅਧਿਕਾਰੀਆਂ ਨੇ ਕਿਮ ਦਾ ਸਵਾਗਤ ਕੀਤਾ। ਹਾਲਾਂਕਿ ਕਿਮ ਨੇ ਖੁਦ ਮਾਸਕ ਨਹੀਂ ਪਾਇਆ ਹੋਇਆ ਸੀ। ਬੈਠਕ ਵਿੱਚ ਹਥਿਆਰਬੰਦ ਦਸਤਿਆਂ ਨੂੰ ਹੋਰ ਵਧਾਉਣ, ਫ਼ੌਜੀ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਪ੍ਰਮਾਣੂ ਮਾਮਲੇ ਨੂੰ ਲੈ ਕੇ ਨਵੀਆਂ ਨੀਤੀਆਂ ਬਣਾਉਣ ਬਾਰੇ ਚਰਚਾ ਹੋਈ। ਇਸ ਦੌਰਾਨ ਕੂਟਨੀਤਕ ਹਥਿਆਬੰਦ ਦਸਤਿਆਂ ਨੂੰ ਹਾਈ ਅਲਰਟ ‘ਤੇ ਰੱਖਣ ਸਬੰਧੀ ਵੀ ਗੱਲਬਾਤ ਹੋਈ। ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਿਮ ਜੋਂਗ ਉਨ ਵਿਚਕਾਰ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਹੋਈ ਗੱਲਬਾਤ ਅਸਫ਼ਲ ਰਹੀ ਸੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਹੁਣ ਉਮੀਦ ਜਤਾਈ ਹੈ ਕਿ ਅਮਰੀਕਾ ਅਤੇ ਉੱਤਰ ਕੋਰੀਆ ਜਲਦ ਹੀ ਗੱਲਬਾਤ ਮੁੜ ਸ਼ੁਰੂ ਕਰ ਸਕਦੇ ਹਨ। ਕੋਰੀਆਈ ਟਾਪੂ ਵਿੱਚ ਪ੍ਰਮਾਣੂ ਨਿਰਸਸਤਰੀਕਰਨ ਨੂੰ ਲੈ ਕੇ ਟਰੰਪ ਅਤੇ ਕਿਮ ਵਿਚਕਾਰ ਪਿਛਲੇ ਸਾਲ ਜੂਨ ਵਿੱਚ ਸਿੰਗਾਪੁਰ ‘ਚ ਪਹਿਲੀ ਬੈਠਕ ਹੋਈ ਸੀ। ਇਸ ਤੋਂ ਬਾਅਦ ਇਸ ਸਾਲ ਫਰਵਰੀ ਵਿੱਚ ਵਿਅਤਨਾਮ ਦੀ ਰਾਜਧਾਨੀ ਹਨੋਈ ‘ਚ ਦੋਵਾਂ ਨੇਤਾਵਾਂ ਵਿਚਕਾਰ ਬੈਠਕ ਹੋਈ ਸੀ, ਜੋ ਅਸਫ਼ਲ ਰਹੀ ਸੀ। ਦੋਵਾਂ ਨੇਤਾਵਾਂ ਵਿਚਕਾਰ ਇੱਕ ਸਾਲ ‘ਚ ਇਹ ਦੂਜੀ ਸ਼ਿਖਰ ਬੈਠਕ ਸੀ। ਜੀ-20 ਸਮਿਟ ਤੋਂ ਪਰਤਦੇ ਸਮੇਂ ਵੀ ਟਰੰਪ ਨੇ ਕਿਮ ਨਾਲ ਮੀਟਿੰਗ ਕੀਤੀ ਸੀ। ਉੱਤਰ ਕੋਰੀਆ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਹੁਣ ਤੱਕ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਦੱਖਣੀ ਕੋਰੀਆ ਦੀ ਖੁਫ਼ੀਆ ਏਜੰਸੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਉੱਤਰ ਕੋਰੀਆ ਵਿੱਚ ਵਾਇਰਸ ਨਹੀਂ ਫੈਲਿਆ ਹੈ।


Share