ਉੱਤਰੀ ਦਿੱਲੀ ’ਚ ਪਹਿਲਵਾਨਾਂ ਵਿਚਾਲੇ ਹੋਈ ਝੜਪ ’ਚ ਇਕ ਦੀ ਮੌਤ

388
Share

* ਦੋ ਵਾਰ ਦੇ ਓਲੰਪਿਕ ਚੈਂਪੀਅਨ ਸੁਸ਼ੀਲ ਕੁਮਾਰ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ’ਚ: ਕੇਸ ’ਚ ਨਾਮਜ਼ਦ
ਨਵੀਂ ਦਿੱਲੀ, 6 ਮਈ (ਪੰਜਾਬ ਮੇਲ)- ਉੱਤਰੀ ਦਿੱਲੀ ਦੇ ਛਤਰਸਾਲ ਸਟੇਡੀਅਮ ਕੰਪਲੈਕਸ ਵਿਚ ਪਹਿਲਵਾਨਾਂ ਵਿਚਾਲੇ ਹੋਈ ਝੜਪ ਦੇ ਮਾਮਲੇ ਵਿਚ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਦੋ ਵਿਅਕਤੀਗਤ ਓਲੰਪਿਕ ਤਮਗਾ ਜੇਤੂ ਦੇਸ਼ ਦੇ ਇਕਲੌਤੇ ਐਥਲੀਟ ਸੁਸ਼ੀਲ ਕੁਮਾਰ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਮੰਗਲਵਾਰ ਦੇਰ ਰਾਤ ਦਿੱਲੀ ਦੇ ਮਾਡਲ ਟਾਊਨ ਖੇਤਰ ਵਿਚ ਸਥਿਤ ਛਤਰਸਾਲ ਸਟੇਡੀਅਮ ’ਚ ਪਹਿਲਵਾਨਾਂ ਵਿਚਾਲੇ ਝੜਪ ਹੋਈ ਸੀ, ਜਿਸ ਵਿਚ ਇਕ ਪਹਿਲਵਾਨ ਦੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ ਸਨ। ਘਟਨਾ ਮਗਰੋਂ ਜ਼ਖ਼ਮੀ ਪਹਿਲਵਾਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿਚੋਂ ਇਕ ਪਹਿਲਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਦੀ ਪਛਾਣ ਸਾਗਰ ਵਾਸੀ ਸੋਨੀਪਤ (ਹਰਿਆਣਾ) ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਆਈ.ਪੀ.ਸੀ. ਦੀਆਂ ਧਾਰਾਵਾਂ 302, 365, 120-ਬੀ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਸਟੇਡੀਅਮ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਵੀ ਲੈ ਰਹੀ ਹੈ।¿;
ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ (ਉਤਰ ਪੱਛਮ) ਗੁਰਇਕਬਾਲ ਸਿੰਘ ਸਿੱਧੂ ਨੇ ਕਿਹਾ, ‘‘ਘਟਨਾ ਸਬੰਧੀ ਪੰਜ ਗੱਡੀਆਂ ਦੀ ਜਾਂਚ ਕੀਤੀ ਗਈ। ਇਕ ਸਕਾਰਪੀਓ ਵਿਚੋਂ ਇਕ ਦੋਨਾਲੀ, ਪੰਜ ਜ਼ਿੰਦਾ ਕਾਰਤੂਸ ਅਤੇ ਦੋ ਸੋਟੀਆਂ ਬਰਾਮਦ ਹੋਈਆਂ ਹਨ। ਸਾਰੇ ਵਾਹਨਾਂ ਅਤੇ ਘਟਨਾ ਲਈ ਵਰਤੇ ਹਥਿਆਰਾਂ ਨੂੰ ਜ਼ਬਤ ਕਰ ਲਿਆ ਗਿਆ ਹੈ।’’ ਉਧਰ, ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਕਿਹਾ, ‘‘ਝਗੜੇ ਵਿਚ ਸ਼ਾਮਲ ਲੋਕ ਸਾਡੇ ਪਹਿਲਵਾਨ ਨਹੀਂ ਸਨ, ਇਹ ਘਟਨਾ ਦੇਰ ਰਾਤ ਵਾਪਰੀ। ਅਸੀਂ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਕੁਝ ਅਣਪਛਾਤੇ ਲੋਕ ਸਾਡੇ ਸਟੇਡੀਅਮ ਦੇ ਅਹਾਤੇ ਵਿਚ ਦਾਖ਼ਲ ਹੋਏ ਤੇ ਝਗੜਾ ਕੀਤਾ। ਸਾਡੇ ਸਟੇਡੀਅਮ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’ ਸੁਸ਼ੀਲ ਨੇ ਲੰਡਨ ਓਲੰਪਿਕ-2012 ਵਿਚ ਚਾਂਦੀ ਦਾ ਤਮਗਾ ਅਤੇ ਚਾਰ ਸਾਲ ਪਹਿਲਾਂ ਪੇਈਚਿੰਗ ਓਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ।

Share