ਉੱਤਰੀ ਕੈਰੋਲੀਨਾ ਵਿਚ ਸਬ ਸਟੇਸ਼ਨਾਂ ‘ਤੇ ਗੋਲੀਬਾਰੀ ਕਾਰਨ ਹਜ਼ਾਰਾਂ ਲੋਕਾਂ ਦੀ ਬਿਜਲੀ ਸਪਲਾਈ ਗੁੱਲ

64
ਉੱਤਰੀ ਕੈਰੋਲੀਨਾ 'ਚ ਗੋਲੀਬਾਰੀ ਉਪਰੰਤ ਨੁਕਸਾਨੇ ਸਬ ਸਟੇਸ਼ਨ ਦੀ ਮੁਰੰਮਤ ਕਰਦੇ ਹੋਏ ਇੰਜੀਨੀਅਰ।

ਸੈਕਰਾਮੈਂਟੋ, 6 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਉੱਤਰੀ ਕੈਰੋਲੀਨਾ ਵਿਚ ਕਾਰਥੇਜ ਵਿਖੇ ਗੋਲੀਬਾਰੀ ਕਾਰਨ ਸਬ ਸਟੇਸ਼ਨਾਂ ਨੂੰ ਪੁੱਜੇ ਨੁਕਸਾਨ ਦੇ ਸਿੱਟੇ ਵਜੋਂ 40000 ਦੇ ਕਰੀਬ ਖਪਤਕਾਰਾਂ ਦੀ ਬਿਜਲੀ ਸਪਲਾਈ ਗੁੱਲ ਹੋ ਗਈ। ਅਧਿਕਾਰੀਆਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਉਨਾਂ ਨੂੰ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੋਲੀਬਾਰੀ ਕਰਕੇ ਸਬ ਸਟੇਸ਼ਨਾਂ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਖੁਲਾਸੇ ਤੋਂ ਬਾਅਦ ਹੰਗਾਮੀ ਸਥਿਤੀ ਦਾ ਐਲਾਨ ਕੀਤਾ ਗਿਆ ਹੈ ਤੇ ਘਟਨਾ ਦੀ ਅਪਰਾਧਿਕ ਨਜ਼ਰੀਏ ਤੋਂ ਜਾਂਚ ਪੜਤਾਲ ਕੀਤੀ ਜਾਵੇਗੀ। ਮੂਰੀ ਕਾਊਂਟੀ ਦੇ ਸ਼ੈਰਿਫ ਰੋਨੀ ਫੀਲਡਸ ਅਨੁਸਾਰ ਅਜਿਹੇ ਸੰਕੇਤ ਮਿਲੇ ਹਨ ਕਿ ਵੱਖ-ਵੱਖ ਥਾਵਾਂ ‘ਤੇ ਦੋ ਸਬ ਸਟੇਸ਼ਨਾਂ ਨੂੰ ਗਿਣਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੈ। ਮਾਮਲਾ ਜਾਂਚ ਅਧੀਨ ਹੈ। ਉਨ੍ਹਾਂ ਕਿਹਾ ਕਿ ਇਕ ਜਾਂ ਇਕ ਤੋਂ ਵਧ ਹਮਲਾਵਰਾਂ ਨੇ ਸਬ ਸਟੇਸ਼ਨਾਂ ਉਪਰ ਗੋਲੀਬਾਰੀ ਕੀਤੀ ਹੈ।