ਉੱਤਰੀ ਕੈਰੋਲਿਨਾ ‘ਚ ਆਰਮੀ ਵਿੱਚੋਂ ਰਿਜੇਕਟ ਹੋਣ ‘ਤੇ ਭਰਤੀ ਸਟੇਸ਼ਨ ਵਿੱਚ ਕੀਤੀ ਗੋਲੀਬਾਰੀ

486
Share

ਫਰਿਜ਼ਨੋ (ਕੈਲੀਫੋਰਨੀਆਂ), 17 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਉੱਤਰੀ ਕੈਰੋਲੀਨਾ ਦੇ ਇੱਕ ਵਿਅਕਤੀ ਦੁਆਰਾ ਆਰਮੀ ਵਿੱਚ ਭਰਤੀ ਹੋਣ ਲਈ ਬਾਰ ਬਾਰ ਕੀਤੀ ਕੋਸ਼ਿਸ਼ ਦੇ ਬਾਵਜੂਦ ਮਿਲੀ ਅਸਫਲਤਾ ਦੇ ਬਾਅਦ ਗ੍ਰੀਨਸਬੋਰੋ ਦੇ ਇੱਕ ਭਰਤੀ ਸਟੇਸ਼ਨ ‘ਤੇ ਗੋਲੀਬਾਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।ਸੈਨਾ ਦੀ ਅਧਿਕਾਰੀ ਲੀਜ਼ਾ ਫਰੂਗਸਨ ਦੇ ਬਿਆਨ ਅਨੁਸਾਰ  ਸੋਮਵਾਰ ਦੇ ਦਿਨ ਭਰਤੀ ਸਟੇਸ਼ਨ ਤੇ ਹੋਈ ਗੋਲੀਬਾਰੀ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਇਸ ਨਾਲ  ਇਮਾਰਤ ਦੇ ਪ੍ਰਵੇਸ਼ ਦੁਆਰ ਨੂੰ ਨੁਕਸਾਨ ਜ਼ਰੂਰ ਪਹੁੰਚਿਆ ਹੈ।ਇਸ ਗੋਲੀਬਾਰੀ ਦੌਰਾਨ ਕੋਈ ਵੀ ਆਰਮੀ ਜਵਾਨ ਘਟਨਾ ਸਥਾਨ ‘ਤੇ ਮੌਜੂਦ ਨਹੀਂ ਸੀ। ਹਮਲੇ ਦਾ ਸ਼ੱਕੀ ਵਿਅਕਤੀ  ਜਿਸ ਨੇ ਫੌਜ ਵਿਚ ਭਰਤੀ ਹੋਣ ਲਈ ਅਰਜ਼ੀ ਦਿੱਤੀ ਸੀ ਪਰ ਉਸਨੂੰ ਸੈਨਾ ਲਈ ਅਯੋਗ ਕਰਾਰ ਦਿੱਤਾ ਗਿਆ ਸੀ, ਨੂੰ ਬਾਅਦ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।ਗ੍ਰੀਨਸਬੋਰੋ ਪੁਲਿਸ ਵਿਭਾਗ ਦੇ ਬੁਲਾਰੇ ਰੋਨਾਲਡ ਗਲੇਨ ਨੇ ਦੱਸਿਆ ਕਿ ਇਸ ਹਮਲੇ ਦੇ ਦੋਸ਼ੀ ਵਿਅਕਤੀ 36 ਸਾਲਾ ਜੇਮਜ਼ ਕੂਪਰ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਉਸਨੂੰ  ਗਿਲਫੋਰਡ ਕਾਉਂਟੀ ਜੇਲ੍ਹ ਵਿਚ 260,000 ਡਾਲਰ ਦੇ ਬਾਂਡ ਦੇ ਨਾਲ ਹਿਰਾਸਤ ਵਿੱਚ ਰੱਖਿਆ ਗਿਆ ਹੈ। ਗਲੇਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੂਪਰ ਨੂੰ ਜਾਨਲੇਵਾ ਹਥਿਆਰ ਨਾਲ ਹਮਲਾ ਕਰਨ ਦੇ ਛੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share