ਉੱਘੇ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ

131
Share

ਸਰੀ, 31 ਮਈ (ਪੰਜਾਬ ਮੇਲ)- ਵੈਨਕੂਵਰ ਵਿਚਾਰ ਮੰਚ ਵੱਲੋਂ ਆਪਣੀ ਵਿਸ਼ੇਸ਼ ਵਰਚੂਅਲ ਮੀਟਿੰਗ ’ਚ ਪੰਜਾਬੀ ਸਾਹਿਤ ਦੇ ਉੱਘੇ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਉਨ੍ਹਾਂ ਨਾਲ ਆਪਣੀਆਂ ਮੁਲਕਾਤਾਂ ਬਾਰੇ ਵਿਸਥਾਰ ’ਚ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਪੰਜਾਬੀ ਸਾਹਿਤ ’ਚ 67 ਪੁਸਤਕਾਂ ਦਾ ਵੱਡਮੁੱਲਾ ਯੋਗਦਾਨ ਪਾ ਕੇ ਪੰਜਾਬੀ ਸਾਹਿਤ ਨੂੰ ਬੇਹੱਦ ਅਮੀਰੀ ਪ੍ਰਦਾਨ ਕੀਤੀ। ਉਹ ਉੱਚਕੋਟੀ ਦੇ ਵਿਦਵਾਨ ਅਤੇ ਆਲੋਚਕ ਸਨ ਅਤੇ ਉਨ੍ਹਾਂ ਵਿਸ਼ੇਸ਼ ਕਰਕੇ ਪ੍ਰਵਾਸੀ ਪੰਜਾਬੀ ਸਾਹਿਤ ਦਾ ਪ੍ਰਸਾਰ ਅਤੇ ਪ੍ਰਚਾਰ ਕਰਨ ’ਚ ਅਹਿਮ ਭੂਮਿਕਾ ਅਦਾ ਕੀਤੀ।
ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਵੀ ਉਨ੍ਹਾਂ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਉਹ ਬਹੁਤ ਹੀ ਸੁਹਿਰਦ ਇਨਸਾਨ ਸਨ ਅਤੇ ਹਰ ਕਾਰਜ ਨੂੰ ਬੜੀ ਨੀਝ ਅਤੇ ਲਗਨ ਨਾਲ ਕਰਦੇ ਸਨ। ਉਨ੍ਹਾਂ ਦੇ ਪਿਤਾ ਸਾਹਿਤਕਾਰ ਲਾਲ ਸਿੰਘ ਬੇਦੀ ਵੀ ਪੰਜਾਬੀ ਦੇ ਉੱਘੇ ਵਿਦਵਾਨ ਸਨ ਅਤੇ ਉਨ੍ਹਾਂ ਦੇ ਭਰਾ ਦਲਜੀਤ ਸਿੰਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਰਹੇ ਹਨ।
ਇਸ ਤੋਂ ਇਲਾਵਾ ਸ਼ਾਇਰ ਮੋਹਨ ਗਿੱਲ, ਅੰਗਰੇਜ਼ ਬਰਾੜ, ਸ਼ਾਇਰ ਹਰਦਮ ਸਿੰਘ ਮਾਨ ਵੱਲੋਂ ਉਨ੍ਹਾਂ ਦੇ ਸਾਹਿਤਕ ਯੋਗਦਾਨ ਅਤੇ ਖੋਜ ਭਰਪੂਰ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

Share