ਉਸਤਾਦ ਲਾਲ ਚੰਦ ਯਮਲਾ ਜੱਟ ਦੇ ਵੱਡੇ ਸਪੁੱਤਰ ਕਰਤਾਰ ਯਮਲਾ ਜੱਟ ਦਾ ਦੇਹਾਂਤ

893
Share

ਲੁਧਿਆਣਾ, 22 ਅਪ੍ਰੈਲ (ਪੰਜਾਬ ਮੇਲ)- 23 ਮਾਰਚ 1952 ਨੂੰ ਲੁਧਿਆਣਾ ‘ਚ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਘਰ ਪੈਦਾ ਹੋਏ ਪਲੇਠੇ ਪੁੱਤਰ ਕਰਤਾਰ ਚੰਦ ਯਮਲਾ ਜੱਟ ਦਾ ਜਵਾਹਰ ਨਗਰ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਉਹ ਜਿਗਰ ਰੋਗ ਕਾਰਨ ਪਿਛਲੇ ਚਾਰ ਮਹੀਨਿਆਂ ਤੋਂ ਪੀੜਤ ਸਨ।
ਸਾਰੀ ਉਮਰ ਕਿਰਤ ਤੇ ਆਪਣੇ ਬਾਬਲ ਦੀ ਸੇਵਾ ‘ਚ ਰੁੱਝੇ ਰਹੇ ਕਰਤਾਰ ਚੰਦ ਦੇ ਸਪੁੱਤਰ ਤੇ ਪ੍ਰਸਿੱਧ ਲੋਕ ਗਾਇਕ ਸੁਰੇਸ਼ ਯਮਲਾ ਜੱਟ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਕਰਤਾਰ ਚੰਦ ਯਮਲਾ ਜੱਟ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਪੰਜਾਬ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਸ਼੍ਰੀ ਕ.ਕ. ਬਾਵਾ ਨੇ ਕਿਹਾ ਹੈ ਕਿ ਕਰਤਾਰ ਚੰਦ, ਉਸਤਾਦ ਯਮਲਾ ਜੱਟ ਜੀ ਦਾ ਸਰਵਣ ਪੁੱਤਰ ਸੀ, ਜਿਸਨੇ ਮਰਦੇ ਦਮ ਤੱਕ ਯਮਲਾ ਜੱਟ ਦੀ ਕਲਾ-ਜੋਤ ਜਗਦੀ ਰੱਖੀ।
ਯਮਲਾ ਜੱਟ ਪਰਿਵਾਰ ਵੱਲੋਂ ਜਾਣਕਾਰੀ ਦਿੰਦਿਆਂ ਕਰਤਾਰ ਚੰਦ ਦੇ ਭਤੀਜੇ ਵਿਜੈ ਯਮਲਾ ਜੱਟ ਨੇ ਦੱਸਿਆ ਕਿ ਮਾਤਾ ਰਾਮ ਰਖੀ ਜੀ ਦੇ ਘਰ ਪੈਦਾ ਹੋਏ ਸ਼੍ਰੀ ਕਰਤਾਰ ਚੰਦ ਯਮਲਾ ਜੱਟ ਉਸਤਾਦ ਲਾਲ ਚੰਦ ਯਮਲਾ ਜੀ ਦੇ ਪੰਜ ਪੁੱਤਰਾਂ ਵਿਚੋਂ ਸਭ ਤੋਂ ਵੱਡੇ ਸਪੁੱਤਰ ਸਨ, ਜਿਨ੍ਹਾਂ ਨੇ ਮੁਹੰਮਦ ਸਦੀਕ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ, ਕਰਤਾਰ ਰਮਲਾ, ਪਾਲੀ ਦੇਤਵਾਲੀਆ ਤੇ ਜਸਵੰਤ ਸੰਦੀਲਾ ਤੋਂ ਇਲਾਵਾ ਚੋਟੀ ਦੇ ਕਲਾਕਾਰਾਂ ਨਾਲ ਬਤੌਰ ਢੋਲਕ ਵਾਦਕ ਜਾਂਦੇ ਰਹੇ।
21 ਅਪ੍ਰੈਲ 2020 ਨੂੰ ਅਚਾਨਕ ਜ਼ਿਆਦਾ ਤਬੀਅਤ ਖਰਾਬ ਹੋਣ ਕਰਕੇ ਸਮਾਂ ਤਕਰੀਬਨ ਦੁਪਹਿਰ 1.30 ਵਜੇ ਆਪਣੇ ਸਾਹਾਂ ਦੀ ਪੂੰਜੀ ਪੂਰੀ ਕਰਦੇ ਹੋਏ ਪਿਤਾ ਪਰਮੇਸ਼ਵਰ ਦੇ ਚਰਨੀ ਜਾ ਬਿਰਾਜੇ ਹਨ। ਉਹ ਆਪਣੇ ਪਿੱਛੇ ਪਰਿਵਾਰ ਵਿਚ ਤਿੰਨ ਬੇਟੇ ਸੁਰੇਸ਼ ਯਮਲਾ ਜੱਟ ਰਾਜਿੰਦਰ ਕੁਮਾਰ ਯਮਲਾ ਜੱਟ ਅਤੇ ਗੋਲਡੀ ਕੁਮਾਰ ਯਮਲਾ ਜੱਟ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਸਪੁੱਤਰ ਸੁਰੇਸ਼ ਯਮਲਾ ਜੱਟ ਆਪਣੇ ਵੱਡਿਆ ਦੇ ਦੱਸੇ ਰਸਤੇ ਚਲਦੇ ਹੋਏ ਲੋਕ ਗਾਇਕੀ ਦੀ ਵਿਰਾਸਤ ਨੂੰ ਅਗਾਂਹ ਵਧਾ ਰਹੇ ਹਨ।


Share