ਉਮੰਗ ਭਰੇ ਮਹੌਲ ਵਿੱਚ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਕਵੀ ਦਰਬਾਰ ਅਤੇ ਸਾਹਿਤਕ ਮੀਟਿੰਗ ਜੂਮ ਰਾਹੀਂ

383
Share

ਸਿਆਟਲ, 26 ਅਗਸਤ (ਪੰਜਾਬ ਮੇਲ)-ਬਹੁਤ ਕੋਸ਼ਿਸ਼ ਕੀਤੀ ਕਿ ਸਾਲ ਤੋਂ ਉਪਰ ਬੀਤ ਗਏ ਸਮੇਂ ਵਿੱਚ ਦੂਰੋਂ ਹੀ ਹਾਕਾਂ ਮਾਰ ਮਾਰ ਦੁਖ ਸੁੱਖ ਪੁੱਛਣ ਦੀ ਕਵਾਇਦ ਨੂੰ ਛੱਡਕੇ ਇਕੱਠੇ ਹੋਈਏ-ਕੁਝ ਪੁੱਛੀਏ ਕੁਝ ਦੱਸੀਏ! ਪਰ ਭੱਜੇ ਜਾਂਦੇ ਕੋਰੋਨਾ ਦੀ ਦਹਿਸ਼ਤ ਲੋਕਾਂ ਦੇ ਮਨ ਵਸੀ ਹੋਣ ਕਰਕੇ ਫਿਰ ‘ਜੂਮ ਬਾਈ’ ਦਾ ਸਹਾਰਾ ਹੀ ਲੈਣਾ ਪਿਆ, ਹਾਂ ਜੀ, ਪੰਜਾਬੀ ਲਿਖਾਰੀ ਸਭਾ ਨੇ ਚੋਣ ਤੋਂ ਬਾਅਦ, ਭਰਵੀਂ ਸਾਹਿਤਕ ਮੀਟਿੰਗ, ਕਾਵਿ-ਧਾਰਾ ਦਾ ਆਨੰਦ ਮਾਨਦਿਆਂ ਪਿਛਲੇ ਦਿਨੀਂ ਕੀਤੀ।ਸਭਾ ਦੇ ਸਰਪ੍ਰਸਤ ਸ਼ਿੰਗਾਰਾ ਸਿੰਘ ਸਿੱਧੂ ਅਤੇ ਸ਼੍ਰੀਮਤੀ ਸਵਰਾਜ ਕੋਰ ਜੀ ਦੀ ਸਰਪ੍ਰਸਤੀ `ਚ ਚੱਲੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਸਕੱਤਰ ਡਾ.ਸੁਖਵੀਰ ਸਿੰਘ ਬੀਹਲਾ ਨੇ ਪ੍ਰਧਾਨ ਦੀ ਆਗਿਆ ਨਾਲ ਪਹਿਲੇ ਘੰਟੇ ਵਿੱਚ ਉਪਸਥਿਤ ਸਭਾ ਮੈਂਬਰਾਂ ਦੀ ਹਾਜ਼ਰੀ ਵਿੱਚ  ਨਿਕਟ ਭਵਿੱਖ ਲਈ ਉਲੀਕੇ ਕਾਰਜਾਂ ਅਤੇ ਦੂਰਗਾਮੀ ਯੋਜਨਾਂਵਾਂ ਦਾ ਵੇਰਵਾ ਪੇਸ਼ ਕਰਦਿਆਂ ਸੱਭ ਨੂੰ ਸੱਦਾ ਦਿੱਤਾ ਕਿ ਆਉ ਸਾਹਿਤ ਨੂੰ ਹਰ ਪੱਖ ਤੋਂ ਪ੍ਰਫੁਲਤ ਕਰਨ ਲਈ  ਪੰਜਾਬੀ ਲਿਖਾਰੀ ਸਭਾ ਸਿਆਟਲ ਨਾਲ ਜੁੜੀਏ।  ਉਸਾਰੂ ਅਤੇ ਸਚਾਰੂ ਸਾਹਿਤ ਦੀ ਸਿਰਜਣਾ ਕਰ ਕੇ, ਨੈਟ ਕਲਚਰ  ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਨਵੀਂ ਜਨਰੇਸ਼ਨ ਨੂੰ ਕਿਤਾਬੀ-ਕਲਚਰ ਨਾਲ ਜੋੜੀਏ।ਇਸ ਲਈ ਸਭਾ ਦੀਆਂ ਮੀਟਿੰਗਾਂ ਅਤੇ ਪ੍ਰੋਗਰਾਮਾਂ ਵਿੱਚ ਨਿਰੰਤਰਤਤਾ ਬਣਾਈ ਰੱਖੀਏ।ਸਭਾ ਦੇ ਸਤਿਕਾਰਿਤ  ਅਹੁਦੇਦਾਰ ਤੇ  ਮੈਂਬਰ ਜੋ ਪਿਛਲੇ ਪਿਛਲੇ ਸਮਿਆਂ ਵਿੱਚ ਸਾਥੋਂ ਵਿਛੁੜ ਚੁੱਕੇ ਹਨ,ਨੂੰ ਯਾਦ ਕੀਤਾ ਗਿਆ ਤੇ ਸਭਾ ਦੀ ਸਾਬਕਾ ਪ੍ਰਧਾਨਾ ਮਨਜੀਤ ਕੌਰ ਗਿੱਲ ਨਾਲ ਉਹਨਾਂ ਦੇ ਪਤੀ ਸ੍ਰੀ ਰਣਜੀਤ ਸਿੰਘ ਗਿੱਲ ਦੇ ਇਸ ਫਾਨੀ ਦੁਨੀਆਂ ਤੋਂ ਚਲੇ ਜਾਣ ਤੇ ਸੰਵੇਦਨਾਵਾਂ ਸਾਂਝੀਆਂ ਕੀਤੀਆਂ। ਸਭਾ ਦੇ ਪ੍ਰਧਾਨ ਹਰਪਾਲ ਸਿੰਘ ਸਿੱਧੂ  ਨੇ ਅੱਜ ਦੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਅਤੇ ਸੋਸ਼ਲ ਮੀਡੀਏ ਦੇ ਵੱਖ ਵੱਖ ਸਾਧਨਾਂ ਰਾਹੀਂ ਅੱਜ ਦੇ ਇਸ ਕਵੀ ਦਰਬਾਰ ਨਾਲ ਜੁੜੇ ਸਾਰੇ ਸੱਜਣਾਂ ਨੂੰ ਜੀ ਆਇਆਂ ਕਿਹਾ ਅਤੇ ਪੰਜਾਬੀ ਲਿਖਾਰੀ ਸਭਾ ਨੂੰ ਪਿਛਲੇ 2 ਸਾਲਾਂ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਉਣ ਲਈ ਪਿਛਲੀ ਟੀਮ ਵੱਲੋਂ  ਕੀਤੇ ਯਤਨਾਂ ਸਦਕੇ ਉਹਨਾਂ ਦਾ ਧੰਨਵਾਦ ਕੀਤਾ। ਭੈਣ ਭਰਾ ਦੀ ਪਵਿੱਤਰ ਮਹੱਬਤ ਦੇ ਗੂੜੇ੍ਹ ਰਿਸ਼ਤੇ ਦੀ ਸਰਵਪ੍ਰਮਾਣਿਤ ਪ੍ਰਤੀਕ ਰੱਖੜੀ ਦੇ ਪਾਵਨ ਦਿਵਸ ਲਈ ਦੁਨੀਆਂ ਦੇ ਸਾਰੇ ਭੈਣ ਭਰਾਵਾਂ ਨੂੰ ਸਭਾ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ।
‘ਇਸ ਮੌਸਮ ਵਿੱਚ ਕੌਣ ਪੜ੍ਹੇਗਾ ਰਚਨਾਵਾਂ…’ ਨੂੰ ‘ਇਸ ਮੌਸਮ ਵਿੱਚ ਸੱਭ ਪੜ੍ਹਨ ਗੇ ਰਚਨਾਂਵਾ…’ ਵਿੱਚ ਬਦਲਣ ਲਈ ਕਰਨ ਵਾਲੇ ਯਤਨਾਂ ਦੀ ਲੜੀ ਦੇ ਹਿੱਸੇ- ਕਵੀ ਦਰਬਾਰ ਦੀ ਸ਼ੁਰੂਆਤ, ਧੀਆਂ-ਮਾਪਿਆਂ,ਪਰਿਵਾਰਕ ਰਿਸ਼ਤਿਆਂ  ਅਤੇ ਸੱਭਿਆਚਾਰਕ ਗੀਤਾਂ ਦੇ ਰਚੇਤਾ ਸ਼ਿੰਗਾਰ ਸਿੰਘ ਸਿੱਧੂ ਨੇ ‘ਬੇਬੇ ਦੇ ਸੰਦੂਕ ਵਿੱਚ ਬਾਪੂ ਦੀ ਬੰਦੂਕ, ਚੇਤੇ ਨਾਲ ਸੰਭਾਲ ਲਈਂ ਨੀ ਮਾਂ….’ ਗੀਤ ਨੂੰ ਤਰੰਨਮ ’ਚ ਗਾਕੇ ਸਮਾਂ ਬੰਨ ਦਿੱਤਾ। ‘ਆ ਵੇ ਮੇਰੇ ਹਾਣੀਆ, ਆ ਵੇ ਕੁਝ ਕਰੀਏ ਵਿਚਾਰ….,ਅਤੇ ‘ਤੇਰੇ ਬਿਨ ਜੀਣ ਨੂੰ ਤਾਂ ਜੀਅ ਲਿਆ ..’ ਬੜੀਆਂ  ਹੀ ਭਾਵ-ਪੂਰਤ ਕਵਿਤਾਵਾਂ ਨਾਲ ਭੈਣ ਸਵਰਾਜ ਕੌਰ ਨੇ ਹਾਜ਼ਰੀ ਲਵਾਈ।ਸਭਾ ਦੇ ਸਤਿਕਾਰਿਤ ਮੈਂਬਰ ਇਤਿਹਾਸਕਾਰ ਵਾਸੂਦੇਵ ਪਰਿਹਾਰ ਜੀ ਨੇ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਸੁਲਤਾਨ ਬਾਹੂ ਜੀ ਦੀ ਰਚਨਾ ਸਾਂਝੀ ਕੀਤੀ।ਸਭਾ ਦੇ ਸ਼ਿਵ ਕੁਮਾਰ ਬਟਾਲਵੀ ਵਜੋਂ ਜਾਣੇ ਜਾਂਦੇ ਅਤੇ ਲੰਬੇ ਸਮੇਂ ਤੋਂ ਸਭਾ ਨਾਲ ਜੁੜੇ ਡਾ.ਪ੍ਰੇਮ ਕੁਮਾਰ ਜੀ ਨੇ ਡੂੰਘੇ ਅਰਥਾਂ ਨੂੰ ਆਪਣੀ ਬੁੱਕਲ `ਚ ਸਮੇਟੀ ਬੈਠੀ ਨਜ਼ਮ ‘ਜ਼ਿੰਦਗੀ.. ਅੱਜ ਕੱਲ ਥੱਕ ਜਾਂਦਾ ਹਾਂ….’ ਅਤੇ 12 ਸਤਰਾਂ `ਚ ਲਿਖੀ ‘ਆਟੋ-ਬਾਇੳਗਰਾਫੀ’ ਪੇਸ਼ ਕਰਕੇ ਅੱਜ ਦੇ ਕਵੀ ਦਰਬਾਰ ਨੂੰ ਪੰਜਾਬੀ ਮਾਡਰਨ-ਕਾਵਿ ਦੇ ਸੁਨਹਿਰੀ ਯੁੱਗ ਨਾਲ ਜੋੜ ਦਿੱਤਾ।‘ਆਉਣ ਤੇਰੇ ਵੱਲੋਂ ਠੰਢੀਆਂ ਹਵਾਵਾਂ, ਮਹਿਕ ਖਿੜੇ ਗੁਲਜ਼ਾਰ’ ਜਦੋਂ ਭੈਣ ਭਰਾ ਦੇ ਪਿਆਰ `ਚ ਗੁੰਨੇ ਗੀਤ ਨੂੰ ਸਾਧੂ ਸਿੰਘ ਝੱਜ ਨੇ ਆਪਣੀ ਪਿਆਰੀ ਆਵਾਜ਼ ਦਿਤੀ  ਉਦੋਂ ਹੀ ‘ਆ ਵੀਰਾ ਤੇਰੇ ਬੰਨ ਦਿਆਂ ਰੱਖੜੀ ਇਹ ਤੰਦ ਪਿਆਰਾਂ ਦੀ’ ਪ੍ਰਿਤਪਾਲ ਸਿੰਘ ਟੀਵਾਣਾ ਜੀ ਵੱਲੋਂ ਪੜ੍ਹੀ ਗਈ, ਕਵਿਤਾ ਦੇ ਬੋਲਾਂ ਨੇ ਵੀਰ ਦੇ ਰੱਖੜੀ ਬੰਨਦੀ ਭੈਣ ਦੀ ਤਸਵੀਰ ਅੱਖਾਂ ਸਾਹਮਣੇ ਸਾਕਾਰ ਕਰ ਦਿੱਤੀ। ਔਰਤ ਦੇ ਦਿਲਾਂ ਦੀਆਂ ਰਮਜ਼ਾਂ ਨੂੰ ਡੂੰਘਾਈਆਂ `ਚੋਂ ਜਾਣਨ ਵਾਲੀ ਡਾ.ਜਸਵੀਰ ਕੌਰ ਨੇ ਆਪਣੀ ਕਵਿਤਾ ‘ਹਰ ਹਾਦਸਾ ਮੈਨੂੰ ਥੋਹੜਾ ਤੋੜਦਾ ਹੀ ਗਿਆ,ਦਰਿਆਈ ਕੰਢੇ ਵਰਗੀ ਮੇਰੀ ਹਕੀਕਤ ਹੈ…’  ਰਾਹੀਂ ਔਰਤ ਦੀਆਂ ਰਮਜ਼ਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ।ਸੰਜੀਦਾ ਕਾਵਿ ਦੇ ਵਹਿੰਦੇ ਦਰਿਆ ਦੇ ਆਸੇ ਪਾਸੇ ਹਾਸਰਸ ਦੇ ਫੁੱਲ ਖਿਲਾਉਣ ਲਈ ਸਭਾ ਦੇ ਪ੍ਰੈਸ ਸਕੱਤਰ ਮੰਗਤ ਕੁਲਜਿੰਦ ਨੇ ਪਤੀ ਪਤਨੀ ਦੀ ਨੋਕ-ਝੋਕ, ‘ਲੱਗੇ ਅਪੱਸ਼ਰਾਂ ਤੂੰ ਮੈਨੂੰ, ਇਸੇ ਲਈ ਪੈਗ….’ ਅਤੇ ਨੇਤਾਵਾਂ ਦੇ ਨਾਕਾਰਾਤਮਕ ਕਿਰਦਾਰ `ਤੇ ਵਿਅੰਗਾਤਮਕ ਕਵਿਤਾ   ‘ਥੋਹੜੀ ਜਿੰਨੀ ਕਸਰ ਅਜੇ ਤਾਂ ਬਾਕੀ ਐ, ’ ਪੜ੍ਹ ਕੇ ਮਾਹੌਲ ਨੂੰ ਹਾਸਿਆਂ ਭਰਪੂਰ ਬਣਾ ਦਿੱਤਾ ਉਦੋਂ ਹੀ  ਕੈਨੇਡਾ ਤੋਂ ਇਸ ਕਵੀ ਦਰਬਾਰ ਦਾ ਹਿੱਸਾ ਬਣੀ ਸੁੰਦਰਪਾਲ ਰਾਜਾਸਾਂਸੀ ਨੇ ‘ਸਹੁਰੇ ਦਾ ਮਰਨਾ’, ਕਵਿਤਾ ਰਾਹੀ ਹਾਸਿਆਂ ਨੂੰ ਦੁਗਣਾ ਕਰ ਦਿੱਤਾ।ਦਹਾਕਿਆਂ ਪਹਿਲਾਂ  ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਨੂੰ ਮੌਕੇ ਤੇ ਹੀ ਘਰ ਘਰ ਪਹੁੰਚਾਉਣ ਵਾਲੇ ਪ੍ਰਸਿੱਧੀ ਪ੍ਰਾਪਤ ਤਾਰੀ ਜੈਤੋ ਸਪੀਕਰਾਂ ਵਾਲੇ ਦਾ ਰੋਲ ਅੱਜ ਦੇ ਪੋ੍ਰਗਰਾਮ `ਚ ਤਕਨੀਕੀ ਤੌਰ ਤੇ ਨਿਭਾਉਦਿਆਂ ਸਭਾ ਦੇ ਮੀਤ-ਪ੍ਰਧਾਨ ਬਲਿਹਾਰ ਸਿੰਘ ਲੇਹਲ ਨੇ ਆਪਣੇ ਗੀਤ ‘ਲੰਬੇ ਰੂਟ ਤੇ ਨਾ ਜਾ ਵੇ ਡਰਾਈਵਰਾ,…..’ਨੂੰ ਤਰੰਨਮ `ਚ ਗਾਕੇ ਡਰਾਈਵਰਾਂ ਦੀ ਸੰਘਰਸ਼ੀ ਜ਼ਿੰਦਗੀ ਨੂੰ ਉਜਾਗਰ ਕੀਤਾ।‘ਬੜੇ ਚਾਅ ਨਾਲ ਛੱਡਿਆ ਸੀ ਘਰਬਾਰ ਨੂੰ …..’ ਸਥਾਪਿਤ ਗੀਤਕਾਰ ਸ਼ਿੰਦਰਪਾਲ ਔਜਲਾ ਨੇ ਵਿਦੇਸ਼ੀ ਵੱਸਦੇ ਪਰਵਾਸੀਆਂ ਦੇ ਦਿਲ ਦੀ ਪੀੜ ਨੂੰ ਪਛਾਣਿਆ। ਬਰਨਾਲਾ ਤੋਂ ਹਾਜ਼ਰੀ ਲਵਾ ਰਹੇ ਮਾਲਵਿੰਦਰ ਸ਼ਾਇਰ ਨੇ  ‘ਸੁਣ ਦੂਰ ਵੱਸਣ ਵਾਲਿਆਂ ….ਉਮਰਾਂ ਨੂੰ ਘੁਣ ਖਾ ਲਿਆ…’ ਗੀਤ ਰਾਹੀਂ ਵਿਛੋੜਿਆਂ ਦੀ ਪੀੜ ਸਾਂਝੀ ਕੀਤੀ। ‘ਮੈਂ ਪੰਜਾਬ ਬੋਲਦਾਂ, ਮੇਰੀ ਸੁਣੋ ਕਹਾਣੀ ’ ਦੁਖ ਭਰੀ ਪੰਜਾਬ ਦੀ ਦਾਸਤਾਂ ਨੂੰ ‘ਪੁੰਗਰਦੇ ਹਰਫ(ਵਿਸ਼ਵ ਕਾਵਿ ਮਹਿਫਲ) ਦੀ ਪ੍ਰਧਾਨਾ ਰਮਨਦੀਪ ਕੌਰ ਰੰਮੀ ਗਿਦੜਬਾਹਾ ਨੇ ਪੇਸ਼ ਕਰਕੇ ਸੱਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।‘ ਜਦੋਂ ਮੈਂ ਨਿਆਣਾ ਸੀ, ਬੜਾ ਗੰਦ ਪਾਉਂਦਾ ਸੀ, ਮੇਰੀ ਮਾਂ ਭਰੋਸੇ…’ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਰੱਬ ਦੇ ਬਰਾਬਰ ਰੁਤਬੇ ਵਾਲੀ ਮਾਂ ਦੇ ਪਿਆਰ ਨੂੰ ਸ਼ਬਦਾਂ ਵਿੱਚ ਪਰੋਇਆ।ਪੰਜਾਬੀ ਦੇ ਮਸ਼ਹੂਰ ਸਾਹਿਤਕਾਰਾਂ ਦੀ ਕਲਮ ਦੇ ਸਿਰਜੇ ਪ੍ਰਸਿੱਧੀ ਪ੍ਰਾਪਤ ਸ਼ੇਅਰਾਂ ਨੂੰ ਢੁਕਵੇਂ ਸਮਿਆਂ ਤੇ ਪੇਸ਼ ਕਰਕੇ ਡਾ.ਸੁਖਵੀਰ ਬੀਹਲਾ ਨੇ ਪ੍ਰੋਗਰਾਮ ਦੀ ਰੌਚਕਤਾ ਨੂੰ ਬਰਕਰਾਰ ਰੱਖਿਆ ਅਤੇ ਖੂਬਸੂਰਤ ਸ਼ਬਦਾਂ `ਚ ਪਰੋਈ ਉਚ ਖਿਆਲ-ਉਡਾਰੀਆਂ ਵਾਲੀ ਆਪਣੀ ਨਜ਼ਮ ਪੜ੍ਹਕੇ ਸੰਜੀਦਗੀ ਨੂੰ ਸਿਰੇ ਤੇ ਪਹੁੰਚਾ ਦਿੱਤਾ।ਉਹਨਾਂ ਨੇ ਨਾਲ ਦੀ ਨਾਲ ਪੇਸ਼ ਕਵਿਤਾਵਾਂ ਗੀਤਾਂ ਦੇ ਵਿਸ਼ੇ ਤੇ ਕਲਾ ਪੱਖਾਂ ਤੇ ਆਪਣੇ ਵਿਚਾਰ ਰੱਖਦਿਆਂ ਸੱਭ ਕਵੀਆਂ ਦੀ ਸੰਖੇਪ ਜਾਣ-ਪਛਾਣ ਵੀ ਕਰਵਾਈ।ਅੱਜ ਦੇ ਇਸ ਪੋ੍ਰਗਰਾਮ ਵਿੱਚ ਹਰਮੀਤ ਕੌਰ ਮੀਤ ਗੁਰਦਾਸਪੁਰ, ਹਰਮੀਤ ਕੌਰ, ਸਭਾ ਦੀ ਸਾਬਕਾ ਪ੍ਰਧਾਨਾ ਮਨਜੀਤ ਕੌਰ ਗਿੱਲ,ਫੋਟੋਗ਼ਾਫੀ ਦੇ ਮਾਸਟਰ ਸੁਰਿੰਦਰ ਸਿੰਘ ਗਿੱਲ ਅਤੇ ਮਨਜੀਤ ਕੌਰ ਅੰਮ੍ਰਿਤਸਰ ਦੀ ਹਾਜ਼ਰੀ ਇਸ ਕਵੀ ਦਰਬਾਰ ਦਾ ਮਾਣ ਵਧਾ ਰਹੀ ਸੀ।ਫੇਸ ਬੁਕ ਤੇ ਜੁੜੇ ਸਰੋਤਿਆਂ ਦੇ ਕਮੈਂਟ ਕਵੀਆਂ ਦੀ ਹੌਸਲਾਂ ਅਫਜਾਈ ਕਰ ਰਹੇ ਸਨ।

Share