ਈ.ਵੀ.ਐੱਮਜ਼ ਪੂਰੀ ਤਰ੍ਹਾਂ ਮਜ਼ਬੂਤ ਹਨ: ਚੋਣ ਕਮਿਸ਼ਨ

494
Share

ਨਵੀਂ ਦਿੱਲੀ, 10 ਨਵੰਬਰ (ਪੰਜਾਬ ਮੇਲ)- ਬਿਹਾਰ ਅਸੈਂਬਲੀ ਲਈ ਵੋਟਾਂ ਦੀ ਗਿਣਤੀ ਦੌਰਾਨ ਪਲ-ਪਲ ਬਦਲਦੇ ਅੰਕੜਿਆਂ ਦਰਮਿਆਨ ਕੁਝ ਆਗੂਆਂ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਨੂੰ ਲੈ ਕੇ ਉਜਰ ਜਤਾਏ ਜਾਣ ਮਗਰੋਂ ਚੋਣ ਕਮਿਸ਼ਨ ਨੇ ਜ਼ੋਰ ਦੇ ਕੇ ਆਖਿਆ ਹੈ ਕਿ ‘ਈ.ਵੀ.ਐੱਮਜ਼ ਪੂਰੀ ਤਰ੍ਹਾਂ ਮਜ਼ਬੂਤ ਹਨ ਤੇ ਇਨ੍ਹਾਂ ਨਾਲ ਕੋਈ ਛੇੜਛਾੜ ਨਹੀਂ’ ਕੀਤੀ ਜਾ ਸਕਦੀ। ਗੌਰਤਲਬ ਹੈ ਕਿ ਕਾਂਗਰਸ ਦੇ ਤਰਜਮਾਨ ਉਦਿਤ ਰਾਜ ਨੇ ਬਿਹਾਰ ਅਸੈਂਬਲੀ ਚੋਣਾਂ ‘ਚ ਮਹਾਗੱਠਜੋੜ ਦੇ ਰੁਝਾਨਾਂ ਵਿਚ ਪਿੱਛੇ ਰਹਿਣ ਤੋਂ ਬਾਅਦ ਈ.ਵੀ.ਐੱਮਜ਼ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾਉਂਦਿਆਂ ਪੁੱਛਿਆ ਸੀ ਕਿ ਜਦੋਂ ਉਪਗ੍ਰਹਿ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਤਾਂ ਈ.ਵੀ.ਐੱਮ ਕਿਉਂ ਨਹੀਂ ਹੈਕ ਕੀਤੇ ਜਾ ਸਕਦੇ। ਕਾਂਗਰਸ ਆਗੂ ਨੇ ਸਵਾਲ ਕੀਤਾ ਸੀ ਕਿ ਜੇ ਅਮਰੀਕਾ ‘ਚ ਈ.ਵੀ.ਐੱਮ. ਨਾਲ ਚੋਣਾਂ ਹੁੰਦੀਆਂ, ਤਾਂ ਕੀ ਡੋਨਾਲਡ ਟਰੰਪ ਹਾਰ ਸਕਦੇ ਸੀ? ਉਧਰ ਕਾਂਗਰਸ ਦੇ ਸੰਸਦ ਮੈਂਬਰ ਕੀਰਤੀ ਚਿਦੰਬਰਮ ਨੇ ਉਦਿਤ ਰਾਜ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਈ.ਵੀ.ਐੱਮ. ਦੀ ਭਰੋਸੇਯੋਗਤਾ ਨੂੰ ਲੈ ਕੇ ਸਵਾਲ ਖੜ੍ਹੇ ਕਰਨ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਵੋਟਿੰਗ ਮਸ਼ੀਨਾਂ ਨਾਲ ਛੇੜਖਾਨੀ ਦਾ ਦਾਅਵਾ ਵਿਗਿਆਨਕ ਰੂਪ ‘ਚ ਸਾਬਤ ਨਹੀਂ ਹੋ ਸਕਿਆ ਹੈ। ਕੀਰਤੀ ਨੇ ਇਕ ਟਵੀਟ ‘ਚ ਕਿਹਾ, ‘ਨਤੀਜਾ ਚਾਹੇ ਕੁਝ ਵੀ ਹੋਵੇ, ਪਰ ਹੁਣ ਈ.ਵੀ.ਐੱਮਜ਼ ਸਿਰ ਠੀਕਰਾ ਭੰਨਣਾ ਬੰਦ ਕੀਤਾ ਜਾਵੇ।’


Share