ਈ.ਡੀ. ਵਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਖਿਲਾਫ ਅਦਾਲਤ ‘ਚ 3 ਅਰਜ਼ੀਆਂ ਦਾਇਰ

413
Share

ਲੁਧਿਆਣਾ, 2 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਲੁਧਿਆਣਾ ਦੀ ਪੀ.ਐੱਸ. ਕਾਲੇਕਾ ਦੀ ਅਦਾਲਤ ‘ਚ ਚੱਲ ਰਹੇ ਮਾਮਲਿਆਂ ‘ਚ ਇਨਫੋਰਸਮੈਂਟ ਵਿਭਾਗ (ਈ.ਡੀ.) ਨੇ ਆਮਦਨ ਕਰ ਵਿਭਾਗ ਵਲੋਂ ਦਾਇਰ ਨਵੇਂ ਦਸਤਾਵੇਜਾਂ ਦੀ ਜਾਂਚ ਲਈ 3 ਅਰਜ਼ੀਆਂ ਦਾਇਰ ਕੀਤੀਆਂ ਹਨ। ਈ.ਡੀ. ਵਲੋਂ ਮੁੱਖ ਨਿਆਇਕ ਮੈਜਿਸਟ੍ਰੇਟ, ਲੁਧਿਆਣਾ ‘ਚ ਵਿਸ਼ੇਸ਼ ਸਰਕਾਰੀ ਵਕੀਲ ਲੋਕੇਸ਼ ਨਾਰੰਗ ਜ਼ਰੀਏ ਉਕਤ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ। ਜਿਸ ਤੋਂ ਬਾਅਦ ਹੀ ਰਾਜਨੀਤਿਕ ਗਲਿਆਰਿਆਂ ‘ਚ ਇਹ ਚਰਚਾ ਫੈਲ ਗਈ ਹੈ ਕਿ ਕੀ ਕੇਂਦਰ ਦੀ ਮੋਦੀ ਸਰਕਾਰ ਆਮਦਨ ਟੈਕਸ ਮਾਮਲਿਆਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਹੋਰ ਨਵੇਂ ਮਾਮਲੇ ‘ਚ ਉਲਝਾਉਣਾ ਚਾਹੁੰਦੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਪਹਿਲਾਂ ਹੀ ਆਮਦਨ ਕਰ ਵਿਭਾਗ ਵਲੋਂ ਅਦਾਲਤ ‘ਚ ਆਮਦਨ ਟੈਕਸ ਸੰਬੰਧੀ ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ ਹਨ ਪਰ ਮਹਾਮਾਰੀ ਕੋਰੋਨਾਵਾਇਰਸ ਦੇ ਚੱਲਦੇ ਅਦਾਲਤਾਂ ਬੰਦ ਹੋਣ ਕਾਰਣ ਅਜੇ ਇਨ੍ਹਾਂ ‘ਤੇ ਕਾਰਵਾਈ ਰੁਕੀ ਹੋਈ ਹੈ ਪਰ ਇਸ ਦੌਰਾਨ ਅਚਾਨਕ ਈ.ਡੀ. ਵਲੋਂ ਅਦਾਲਤ ‘ਚ ਉਪਰੋਕਤ ਅਰਜ਼ੀਆਂ ਦਾਖਲ ਕੀਤੇ ਜਾਣ ਨਾਲ ਇਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਈ.ਡੀ. ਨੇ 3 ਅਰਜ਼ੀਆਂ ਨੂੰ ਇਹ ਜਾਨਣ ਲਈ ਦਾਇਰ ਕੀਤਾ ਕਿ ਆਮਦਨ ਕਰ ਵਿਭਾਗ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਦੀਆਂ ਕੇਸ ਫਾਈਲਾਂ ‘ਤੇ ਨਵੇਂ ਦਸਤਾਵੇਜ ਕੀ ਰੱਖੇ ਹਨ।
ਸੂਤਰਾਂ ਮੁਤਾਬਕ ਈ.ਡੀ. ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੇ ਤਹਿਤ ਆਪਣੀ ਜਾਂਚ ਨੂੰ ਅੱਗੇ ਵਧਾਉਣ ਲਈ ਦਸਤਾਵੇਜਾਂ ਦੀ ਜਾਂਚ ਜਾਂ ਪ੍ਰਾਪਤ ਕਰਨਾ ਚਾਹੁੰਦਾ ਹੈ। ਆਪਣੀਆਂ ਅਰਜ਼ੀਆਂ ‘ਚ ਈ.ਡੀ. ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਕੇਸ ਫਾਈਲ ਦੀ ਜਾਂਚ ਕਰਨ ਦੀ ਇਜਾਜ਼ਤ ਦੇਣ।
ਜ਼ਿਕਰਯੋਗ ਹੈ ਕਿ ਕੈਪਟਨ ਅਤੇ ਰਣਇੰਦਰ ਖਿਲਾਫ 3 ਆਮਦਨ ਟੈਕਸ ਮਾਮਲਿਆਂ ਦੀ ਸੁਣਵਾਈ ਲੁਧਿਆਣਾ ਦੀ ਅਦਾਲਤ ‘ਚ ਚੱਲ ਰਹੀ ਹੈ। ਮੁੱਖ ਮੰਤਰੀ ਦੇ ਮਾਮਲੇ ‘ਚ ਅਗਲੀ ਸੁਣਵਾਈ 9 ਸਤੰਬਰ ਨੂੰ ਹੈ, ਜਦਕਿ ਰਣਇੰਦਰ ਦੇ ਮਾਮਲੇ ‘ਚ 10 ਸਤੰਬਰ ਨੂੰ ਹੈ ਪਰ ਅਦਾਲਤਾਂ ਬੰਦ ਹੋਣ ਕਾਰਣ ਫਿਲਹਾਲ ਇਨ੍ਹਾਂ ‘ਤੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਆਈ.ਟੀ. ਵਿਭਾਗ ਨੇ ਸ਼ਿਕਾਇਤਾਂ ‘ਚ ਦਾਅਵਾ ਕੀਤਾ ਕਿ ਜਾਂਚ ਦੌਰਾਨ ਰਣਇੰਦਰ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਕੋਲ ਪਰਿਵਾਰ ਦੀ ਆਮਦਨ ਅਤੇ ਵਿਦੇਸ਼ ‘ਚ ਟਰੱਸਟ ਨਾਲ ਸੰਬੰਧਿਤ ਦਸਤਾਵੇਜ ਹਨ। ਆਈ.ਟੀ. ਵਿਭਾਗ ਨੇ ਦੋਸ਼ ਲਗਾਇਆ ਕਿ ਰਣਇੰਦਰ ਜਕਰੰਦਾ ਟਰੱਸਟ ਦਾ ਇਕ ‘ਲਾਭਪਾਤਰ’ ਹੈ, ਜਿਸ ਨੂੰ ਪਰਿਵਾਰ ਵਲੋਂ ਬਣਾਇਆ ਗਿਆ ਹੈ। ਹੋਰ ਅਣਜਾਣ ਟਰੱਸਟਾਂ ‘ਚ ਮੂਲਵਾਲਾ ਹੋਲਡਿੰਗਜ਼ ਲਿਮੀਟੇਡ ਅਤੇ ਆਲਵਰਥ ਵੈਂਚਰ ਹੋਲਡਿੰਗ ਲਿਮੀਟੇਡ ਸ਼ਾਮਲ ਹਨ। ਪਿਓ ਤੇ ਪੁੱਤ ਨੇ ਕਥਿਤ ਤੌਰ ‘ਤੇ ਐੱਚ.ਐੱਸ.ਬੀ.ਸੀ., ਜਿਨੇਵਾ ਅਤੇ ਐੱਚ.ਐੱਸ.ਬੀ.ਸੀ. ਫਾਈਨੈਂਸ਼ੀਅਲ ਸਰਵਿਸਜ਼ ਲਿਮੀਟੇਡ (ਮੱਧ ਪੂਰਵ) ‘ਚ ਇਕ ਬੈਂਕ ਖਾਤੇ ਦੇ ਜ਼ਰੀਏ ਅਣਜਾਣ ਲੈਣ-ਦੇਣ ਕੀਤਾ ਹੈ। ਆਈ.ਟੀ. ਵਿਭਾਗ ਨੇ ਸ਼ਿਕਾਇਤਾਂ ‘ਚ ਕਿਹਾ ਹੈ ਕਿ ਟਰੱਸਟ 2005 ‘ਚ ਸਥਾਪਿਤ ਕੀਤੇ ਗਏ ਸਨ ਅਤੇ ਜ਼ਿਆਦਾਤਰ ਸੌਦੇ ਵਰਜਿਨ ਦੀਪ ਸਮੂਹ ਦੇ ਜ਼ਰੀਏ ਕੀਤੇ ਗਏ ਸਨ। ਉਨ੍ਹਾਂ ਅਦਾਲਤ ‘ਚ ਦਾਅਵਾ ਕੀਤਾ ਕਿ ਉਸ ਕੋਲ ਵਰਜਿਨ ਦੀਪ ਸਮੂਹ ਦੇ ਦਸਤਾਵੇਜ਼ ਹਨ, ਜੋ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਨੂੰ ਦੁਬਈ ‘ਚ ਮਰੀਨ ਮੈਂਸ਼ਨ ਅਤੇ ਯੂਨਾਈਟਿਡ ਕਿੰਗਡਮ ਦੀਆਂ ਹੋਰ ਸੰਪਤੀਆਂ ਦੇ ਮਾਲਕ ਦੱਸ ਰਹੇ ਹਨ। ਅਮਰਿੰਦਰ ਤੇ ਰਣਇੰਦਰ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਸੀ ਅਤੇ ਆਈ.ਟੀ. ਵਿਭਾਗ ਦੇ ਦੋਸ਼ਾਂ ਨੂੰ ਗਲਤ ਦੱਸਿਆ ਸੀ।


Share