ਈਰਾਨ ਦੇ 8 ਫੀਸਦੀ ਐੱਮ.ਪੀਜ਼ ‘ਚ ਵੀ ਕੋਰੋਨਾਵਾਇਰਸ ਦੀ ਹੋਈ ਪੁਸ਼ਟੀ

729

ਤਹਿਰਾਨ, 4 ਮਾਰਚ (ਪੰਜਾਬ ਮੇਲ)- ਈਰਾਨ ‘ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਕੇ 2,336 ‘ਤੇ ਪਹੁੰਚ ਗਈ, ਜਿਸ ਕਾਰਨ ਮਿਡਲ ਈਸਟ ‘ਚ ਇਹ ਦੁਨੀਆ ਦੇ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਬਣ ਗਿਆ ਹੈ। ਇਕ ਹਫਤਾ ਪਹਿਲਾਂ ਈਰਾਨ ‘ਚ 100 ਤੋਂ ਘੱਟ ਕੋਰੋਨਾਵਾਇਰਸ ਦੇ ਮਾਮਲੇ ਸਨ। ਹੁਣ ਤੱਕ ਈਰਾਨ ‘ਚ ਕੋਰੋਨਾਵਾਇਰਸ ਨਾਲ 77 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਈਰਾਨੀ ਸੰਸਦ ਦੇ 8 ਫੀਸਦੀ ਐੱਮ.ਪੀਜ਼ ਵਿਚ ਵੀ ਕੋਰੋਨਾਵਾਇਰਸ ਦੀ ਪੁਸ਼ਟੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।
ਈਰਾਨ ਦੇ ਡਿਪਟੀ ਪਾਰਲੀਮੈਂਟ ਸਪੀਕਰ ਅਬਦੁੱਲ ਰਜ਼ਾ ਮਿਸ਼ਰੀ ਮੁਤਾਬਕ, 290 ਸੰਸਦ ਮੈਂਬਰਾਂ ਵਿਚੋਂ 23 ਐੱਮ.ਪੀਜ਼ ਕੋਰੋਨਾਵਾਇਰਸ ਪਾਜ਼ੀਟਵ ਨਿਕਲੇ ਹਨ, ਜੋ ਕੁੱਲ ਸੰਸਦ ਮੈਂਬਰਾਂ ਦਾ 8 ਫੀਸਦੀ ਹਨ। ਹਾਲਾਂਕਿ, ਇਹ ਨਹੀਂ ਦੱਸਿਆ ਕਿ ਇਹ ਕਦੋਂ ਸੰਕਰਮਿਤ ਹੋਏ ਸਨ।
ਕੋਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਈਰਾਨ ਵਿਚ ਸੰਸਦ ਮੈਂਬਰਾਂ (ਐੱਮ.ਪੀਜ਼) ਤੇ ਨਾਗਰਿਕਾਂ ਵਿਚਕਾਰ ਬੈਠਕਾਂ ਰੱਦ ਕਰ ਦਿੱਤੀਆਂ ਗਈਆਂ ਹਨ। ਈਰਾਨ ਦੀ ਅਰਧ-ਸਰਕਾਰੀ ਨਿਊਜ਼ ਏਜੰਸੀ ਆਈ.ਐੱਸ.ਐੱਨ.ਏ. ਮੁਤਾਬਕ, ਵਾਇਰਸ ਦੇ ਫੈਲਣ ਨੂੰ ਰੋਕਣ ਦੀ ਕੋਸ਼ਿਸ਼ ‘ਚ ਈਰਾਨ ਅਸਥਾਈ ਤੌਰ ‘ਤੇ 54,000 ਤੋਂ ਵੱਧ ਕੈਦੀਆਂ ਨੂੰ ਰਿਹਾਅ ਕਰੇਗਾ। ਇਨ੍ਹਾਂ ਦੀ ਰਿਹਾਈ ਈਰਾਨ ਦੇ ਸਿਹਤ ਮੰਤਰਾਲੇ ਦੀ ਨਿਗਰਾਨੀ ਹੇਠ ਹੋਵੇਗੀ। ਈਰਾਨ ‘ਚ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੋਰ ਦੇਸ਼ਾਂ ਨੇ ਆਪਣੇ ਨਾਗਿਰਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਕਿਹਾ ਕਿ ਉਹ ਕੋਰੋਨਾਵਾਇਰਸ ਦੇ ਫੈਲਣ ਦੇ ਡਰ ਵਿਚਕਾਰ ਆਪਣੇ ਸਾਰੇ ਨਾਗਰਿਕਾਂ ਨੂੰ ਈਰਾਨ ਤੋਂ ਬਾਹਰ ਕੱਢ ਰਿਹਾ ਹੈ।