ਈਰਾਨ ਜਨਰਲ ਸੁਲੇਮਾਨੀ ਦੀ ਮੁਖਬਰੀ ਦੇ ਦੋਸ਼ੀ ਨੂੰ ਦੇਵੇਗਾ ਫਾਂਸੀ

665
Share

ਤਹਿਰਾਨ, 11 ਜੂਨ (ਪੰਜਾਬ ਮੇਲ)-ਈਰਾਨ ਨੇ ਚੋਟੀ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੁਖਬਰੀ ਕਰਨ ਵਾਲੇ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਉਣ ਦਾ ਐਲਾਨ ਕੀਤਾ ਹੈ। ਜਨਵਰੀ ‘ਚ ਬਗ਼ਦਾਦ ਵਿਚ ਅਮਰੀਕਾ ਨੇ ਡਰੋਨ ਹਮਲੇ ਵਿਚ ਜਨਰਲ ਸੁਲੇਮਾਨੀ ਨੂੰ ਮਾਰ ਦਿੱਤਾ ਸੀ।
ਈਰਾਨ ਦੇ ਕਾਨੂੰਨ ਵਿਭਾਗ ਦੇ ਤਰਜਮਾਨ ਗੁਲਾਮ ਹੁਸੈਨ ਇਸਮਾਇਲੀ ਨੇ ਦੱਸਿਆ ਕਿ ਮੁਖਬਰੀ ਕਰਨ ਵਾਲੇ ਵਿਅਕਤੀ ਦਾ ਨਾਂ ਮਹਿਮੂਦ ਮੌਸਵੀ ਮਾਜਦ ਹੈ। ਉਸ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਜਨਰਲ ਸੁਲੇਮਾਨੀ ਬਾਰੇ ਜਾਣਕਾਰੀ ਦਿੱਤੀ ਸੀ। ਇਸਮਾਇਲੀ ਨੇ ਦੱਸਿਆ ਕਿ ਮਾਜਦ ਰੈਵੋਲੂਸ਼ਨਰੀ ਗਾਰਡਜ਼ ਦੀ ਸੁਰੱਖਿਆ ਨਾਲ ਜੁੜੀਆਂ ਜਾਣਕਾਰੀਆਂ ਲੀਕ ਕਰ ਰਿਹਾ ਸੀ। ਉਹ ਅਮਰੀਕੀ ਖ਼ੁਫ਼ੀਆ ਏਜੰਸੀ ਸੀ. ਆਈ. ਏ. ਅਤੇ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਨਾਲ ਜੁੜਿਆ ਸੀ। ਹਾਲਾਂਕਿ ਮਾਜਦ ਬਾਰੇ ਕੋਈ ਵਿਸਥਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਸ ਦੀ ਮੁਖਬਰੀ ਬਾਰੇ ਕੋਈ ਪ੍ਰਮਾਣ ਵੀ ਸਾਹਮਣੇ ਨਹੀਂ ਰੱਖਿਆ ਗਿਆ ਹੈ। ਇਸਮਾਇਲੀ ਨੇ ਇਹ ਜਾਣਕਾਰੀ ਵੀ ਨਹੀਂ ਦਿੱਤੀ ਕਿ ਮਾਜਦ ਨੂੰ ਸਜ਼ਾ ਕਦੋਂ ਦਿੱਤੀ ਜਾਵੇਗੀ। ਉਨ੍ਹਾਂ ਬਸ ਇੰਨਾ ਕਿਹਾ ਕਿ ਉਸ ਨੂੰ ਜਲਦੀ ਸਜ਼ਾ ਦਿੱਤੀ ਜਾਵੇਗੀ। ਇਹ ਸਵਾਲ ਵੀ ਉੱਠ ਰਿਹਾ ਹੈ ਕਿ ਮਾਜਦ ਦੀ ਪਹੁੰਚ ਖ਼ੁਫ਼ੀਆ ਜਾਣਕਾਰੀਆਂ ਤਕ ਕਿਵੇਂ ਹੁੰਦੀ ਸੀ।
ਜਨਰਲ ਕਾਸਿਮ ਸੁਲੇਮਾਨੀ ਈਰਾਨ ਦੇ ਵਿਸ਼ੇਸ਼ ਇਸਲਾਮਿਕ ਰੈਵੋਲੂਸ਼ਨਰੀ ਗਾਰਡਜ਼ ਕੋਰ ਦੇ ਕੁਦਸ ਫੋਰਸ ਦੇ ਮੁਖੀ ਸਨ। ਅਮਰੀਕਾ ਨੇ ਤਿੰਨ ਜਨਵਰੀ ਨੂੰ ਬਗ਼ਦਾਦ ਦੇ ਇੰਟਰਨੈਸ਼ਨਲ ਹਵਾਈ ਅੱਡੇ ਵਿਚੋਂ ਬਾਹਰ ਨਿਕਲਦਿਆਂ ਸੁਲੇਮਾਨੀ ਨੂੰ ਡਰੋਨ ਹਮਲੇ ਵਿਚ ਮਾਰ ਦਿੱਤਾ ਸੀ।


Share