ਈਟੀਟੀ ਅਧਿਆਪਕ ਯੂਨੀਅਨ ਵੱਲੋਂ ਛੁੱਟੀਆਂ ਵਿੱਚ ਬੇਲੋੜੀਆਂ ਮੀਟਿੰਗਾਂ ਤੇ ਬੇਲੋੜੇ ਕੰਮਾਂ ਦਾ ਕੀਤਾ ਬਾਈਕਾਟ

106
Share

ਵਿਭਾਗ ਦੀ ਤਾਨਾਸ਼ਾਹੀ ਨੀਤੀ ਵਿਰੁੱਧ ਵਜਾਇਆ ਸੰਘਰਸ਼ ਦਾ ਬਿਗੁਲ

ਮਾਨਸਾ, 29 ਮਈ (ਪੰਜਾਬ ਮੇਲ)-ਪਿਛਲੇ ਦਿਨੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੀ ਹੋਈ ਸੂਬਾ ਪੱਧਰੀ ਚੌਣ ਦੌਰਾਨ ਜੰਥੇਬੰਦੀ ਦੇ ਨਵੇਂ ਚੁਣੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ, ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ, ਸਕੱਤਰ ਜਨਰਲ ਬੂਟਾ ਸਿੰਘ ਮੋਗਾ ਨੇ ਆਪਣੀ ਜੰਥੇਬੰਦੀ ਨਾਲ ਅਹਿਮ ਮੀਟਿੰਗ ਕਰਕੇ ਪਹਿਲੇ ਦਿਨ ਹੀ ਸਰਕਾਰ ਖਿਲਾਫ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਉਹਨਾਂ ਪੰਜਾਬ ਦੀ ਜੰਥੇਬੰਦੀ ਦੇ ਸਰਪ੍ਰਸਤ ਜਸਵਿੰਦਰ ਸਿੰਘ ਸਿੱਧੂ, ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ, ਸੂਬਾ ਕੈਸ਼ੀਅਰ ਕੁਲਵਿੰਦਰ ਸਿੰਘ ਜਹਾਂਗੀਰ ਅਤੇ ਸਮੂਹ ਸਟੇਟ ਕਮੇਟੀ ਨਾਲ ਸਲਾਹ ਕਰਕੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਈਟੀਟੀ ਅਧਿਆਪਕ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੇਲੋੜੀਆਂ ਯੂਮ ਮੀਟਿੰਗਾਂ, ਬੇਲੋੜੇ ਗੂੂੂਗਲ ਫਾਰਮ, ਤੇ ਬੇਲੋੜੇ ਕੰਮਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨਗੇ।
ਜੰਥੇਬੰਦੀ ਦੇ ਆਗੂਆਂ ਨੇ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਕਿਹਾ ਕਿ ਪਿਛਲੇ ਸਮੇਂ ਦੌੌਰਾਨ ਵਿਭਾਗ ਦੁਆਰਾ ਆਨਲਾਈਨ ਡਿਜੀਟਲ ਤਰੀਕੇ ਨਾਲ ਕੀਤੀਆਂ ਗਈਆਂ ਅਧਿਆਪਕਾਂ ਦੀਆਂ ਬਦਲੀਆਂ ਨੂੰ ਜੇੇੇਕਰ ਵਿਭਾਗ ਇੱਕ ਹਫਤੇ ਦੇ ਅੰਦਰ ਲਾਗੂ ਨਹੀਂ ਕਰਦਾ ਤਾਂ ਵਿਭਾਗ ਦੇ ਪੜ੍ਹੋ ਪੰਜਾਬ ਪ੍ਰਾਜੈਕਟ ਤਹਿਤ ਸਮੁੱਚੇ ਪ੍ਰੋਜੈਕਟਾਂ ਦਾ ਬਾਈਕਾਟ ਕੀਤਾ ਜਾਵੇਗਾ। ਉੱਧਰ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ, ਮਾਨਸਾ ਜ਼ਿਲ੍ਹੇ ਦੀ ਜੰਥੇਬੰਦੀ ਦੇ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਿਨੇਸ਼ ਰਿਸ਼ੀ ਨੇ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਲਾਮਬੰਦ ਕਰਦੇ ਹੋਏ ਕਿਹਾ ਕਿ ਸਮੂਹ ਅਧਿਆਪਕ ਪਹਿਲਾਂ ਦੀ ਤਰ੍ਹਾਂ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਜਾਣ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਕਿਸਮ ਦਾ ਕੋਈ ਵੀ ਸਿੱਖਿਆ ਅਧਿਕਾਰੀ ਕਿਸੇ ਵੀ ਅਧਿਆਪਕ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ, ਤਾਂ ਉਹ ਤੁਰੰਤ ਜੰਥੇਬੰਦੀ ਨਾਲ ਸੰਪਰਕ ਕਰਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੀ ਉਹ ਸਿਰਮੌਰ ਜੰਥੇਬੰਦੀ ਹੈ, ਜਿਸ ਨੇ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਦੀ ਪ੍ਰਾਪਤੀ ਲਈ ਨਾ-ਮਿਲਵਰਤਨ ਅੰਦੋਲਨ ਚਲਾਇਆ ਸੀ, ਤਾਂ ਸਿੱਖਿਆ ਵਿਭਾਗ ਪੰਜਾਬ ਦਾ ਇੱਕ ਵਾਰ ਪੂਰਾ ਸਿਸਟਮ ਜਾਮ ਹੋ ਗਿਆ ਸੀ। ਇਤਿਹਾਸ ਗਵਾਹ ਹੈ ਕਿ ਕਿ ਜਦੋਂ ਇਹ ਅਧਿਆਪਕ ਸੂਬਾ ਸਰਕਾਰ ਵਿਰੁੱਧ ਆਪਣਾ ਮੋਰਚਾ ਖੋਲ੍ਹਦੇ ਹਨ, ਤਾਂ ਇਹ ਆਪਣੀ ਮੰਜ਼ਿਲ ਪ੍ਰਾਪਤੀ ਹੋਣ ਤੱਕ ਪਿੱਛੇ ਮੁੜ ਕੇ ਨਹੀਂ ਵੇਖਦੇ।


Share