ਇੰਨਕੋਰ ਸੀਨੀਅਰ ਖੇਡਾਂ ’ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

199
Share

ਸੈਨ-ਮਟਿਓ (ਕੈਲੀਫੋਰਨੀਆ), 15 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸਥਾਨਿਕ ਸੈਨ-ਮਟਿਓ ਸਿਟੀ ਕਾਲਜ ’ਚ ਇੰਨਕੋਰ ਸੀਨੀਅਰ ਖੇਡਾਂ ਦਾ ਅਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਦੁਨੀਆਂ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ। ਇਹ ਖੇਡਾਂ ਕਾਲਜ ਦੇ ਟ੍ਰੈਕ ਐਂਡ ਫੀਲਡ ਖੇਤਰ ’ਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਐਤਕੀਂ ਦੋ ਪੰਜਾਬੀ ਸੀਨੀਅਰ ਗੱਭਰੂਆਂ ਨੇ ਵੀ ਹਿੱਸਾ ਲਿਆ ਤੇ ਕੁੱਲ 6 ਮੈਡਲ ਆਪਣੇ ਨਾਮ ਕੀਤੇ। ਇਨ੍ਹਾਂ ਖਿਡਾਰੀਆ ਵਿਚੋਂ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋ ਵਿਚ ਗੋਲਡ ਮੈਡਲ, ਸ਼ਾਟ ਪੁਟ ਵਿਚ ਅਤੇ ਡਿਸਕਸ ਥਰੋ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਪਾਮਡੇਲ ਸ਼ਹਿਰ ਦੇ ਹਰਿੰਦਰ ਸਿੰਘ ਚੀਮਾ ਨੇ ਸ਼ਾਟ ਪੁੱਟ ਮੁਕਾਬਲੇ ਵਿਚ ਗੋਲਡ ਮੈਡਲ ਅਤੇ ਹੈਮਰ ਥਰੋਅ ਅਤੇ ਜੈਵਲਿਨ ਥਰੋਅ ਵਿਚ ਚਾਂਦੀ ਦੇ ਤਗਮੇ ਹਾਸਲ ਕੀਤੇ। ਹਰਿੰਦਰ ਸਿੰਘ ਚੀਮਾ ਮੂਲ ਰੂਪ ਵਿਚ ਬੱਸੀ ਪਠਾਣਾਂ ਦੇ ਰਹਿਣ ਵਾਲੇ ਹਨ, ਅਤੇ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਬੀ.ਏ. ਅਤੇ ਸਰੀਰਕ ਸਿੱਖਿਆ ਦੀਆਂ ਡਿਗਰੀਆਂ ਪੂਰੀਆਂ ਕੀਤੀਆਂ ਹਨ। ਇਹ ਸਾਲ ਦੀਆਂ ਆਖਰੀ ਖੇਡਾਂ ਸਨ। ਸਾਨ ਫਰਾਂਸਿਸਕੋ ਬੇ ਏਰੀਆ ਵਿਚ ਬਰਸਾਤ ਦਾ ਦਿਨ ਸੀ, ਫਿਰ ਵੀ 200+ ਪੁਰਸ਼ ਅਤੇ ਔਰਤ ਅਥਲੀਟਾਂ ਨੇ ਖੇਡਾਂ ਵਿਚ ਹਿੱਸਾ ਲਿਆ। ਦੂਜੇ ਰਾਜਾਂ ਦੇ ਐਥਲੀਟ ਵੀ 10 ਮਈ ਤੋਂ 23, 2021 ਤੱਕ ਫੋਰਟ ਲਾਡਰਡੇਲ, ਫਲੋਰੀਡਾ ਵਿਚ ਹੋਣ ਵਾਲੀਆਂ ਰਾਸ਼ਟਰੀ ਸੀਨੀਅਰ ਖੇਡਾਂ ਲਈ ਕੁਆਲੀਫਾਈ ਕਰਨ ਲਈ ਮੁਕਾਬਲਾ ਕਰਨ ਲਈ ਆਏ ਸਨ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਫਰਿਜ਼ਨੋ ਗੁਰਬਖਸ਼ ਸਿੰਘ ਸਿੱਧੂ ਪਹਿਲਾਂ ਵੀ ਸੀਨੀਅਰ ਗੇਮਾਂ ਵਿਚ ਮੈਡਲ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰ ਚੁੱਕੇ ਹਨ।

Share