ਇੰਡੋ-ਅਮਰੀਕਨ ਹੈਰੀਟੇਜ਼ ਫੋਰਮ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰ੍ਚ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਮਨਾਇਆ ਗਿਆ

169
Share

ਸੈਲਮਾ, 7 ਅਪ੍ਰੈਲ (ਪੰਜਾਬ ਮੇਲ)- ਸ਼ਹੀਦੇ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 90ਵਾਂ ਸ਼ਹੀਦੀ ਦਿਨ ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ’ਚ ਮਨਾਇਆ ਗਿਆ। ਇੰਡੋ-ਅਮਰੀਕਨ ਹੈਰੀਟੇਜ਼ ਫੋਰਮ ਦੇ ਸਦੇ ’ਤੇ ਗੁਰਦੁਆਰਾ ਪੈਸੇਵਿਕ ਕੋਸਟ ਸੈਲਮਾ ਦੇ ਖੁੱਲੇ੍ਹ ਬਰਾਂਡੇ ’ਚ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ’ਚ ਸਟੇਜ ਸੈਕਟਰੀ ਸੁਰਿੰਦਰ ਮੰਢਾਲੀ ਨੇ ਗੁਰਦੁਆਰਾ ਕਮੇਟੀ ਸੈਲਮਾ ਦਾ ਧੰਨਵਾਦ ਕਰਦਿਆ ਪਹੁੰਚੇ ਹੋਏ ਸਮੂਹ ਲੋਕਾਂ ਦਾ ਸਵਾਗਤ ਕੀਤਾ। ਹਰਜੀਤ ਸਿੰਘ ਸ਼ੇਰਗਿੱਲ ਨੇ ਕਿਸਾਨੀ ਅੰਦੋਲਨ ਸਬੰਧੀ ਇਕ ਕਵਿਤਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਭਜਨ ਸਿੰਘ ਸਹੋਤਾ ਨੇ ਬੋਲਦਿਆਂ ਇਸ ਗੱਲ ’ਤੇ ਦੁੱਖ ਜ਼ਾਹਰ ਕੀਤਾ ਕਿ ਹਜ਼ਾਰਾਂ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਭਾਰਤ ਦੀ ਆਜ਼ਾਦੀ ਅਜੇ ਵੀ ਅਧੂਰੀ ਹੈ। ਉਨ੍ਹਾਂ ਨੇ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਸੱਦਾ ਵੀ ਦਿੱਤਾ। ਕੁੰਦਨ ਸਿੰਘ ਧਾਮੀ ਨੇ ਆਪਣੀ ਲਿਖੀ ਇਕ ਭਾਵਪੂਰਤ ਕਵਿਤਾ ਪੇਸ਼ ਕੀਤੀ। ਸ਼ਰਨਜੀਤ ਧਾਲੀਵਾਲ ਨੇ ਵੀ ਸ਼ਹੀਦਾਂ ਨੂੰ ਸਮਰਪਿਤ ਇਕ ਕਵਿਤਾ ਪੇਸ਼ ਕੀਤੀ। ਇਸ ਪ੍ਰੋਗਰਾਮ ਵਿਚ ਸਟੇਜ ’ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀਆਂ ਤਸਵੀਰਾ ਵਾਲੇ ਬੈਨਰ ਦੇ ਨਾਲ-ਨਾਲ ਕਿਸਾਨੀ ਅੰਦੋਲਨ ਨਾਲ ਇਕਮੁੱਠਤਾ ਪ੍ਰਗਟ ਕਰਦੇ ਨਾਹਰੇ ਅਤੇ ਬੈਨਰ ਲੱਗੇ ਹੋਏ ਸਨ। ਬੁਲਾਰਿਆਂ ਦੀਆਂ ਤਕਰੀਰਾਂ ’ਚ ਵੀ ਸ਼ਹੀਦਾਂ ਦੀ ਯਾਦ ਦੇ ਨਾਲ-ਨਾਲ ਕਿਸਾਨੀ ਅੰਦੋਲਨ ਭਾਰੂ ਰਿਹਾ। ਫੋਰਮ ਦੇ ਸਰਪ੍ਰਸਤ ਮੈਂਬਰ ਸ. ਗੁਰਦੀਪ ਸਿੰਘ ਅਣਖੀ ਨੇ ਆਜ਼ਾਦੀ ਦੀ ਲੜਾਈ ਤੋਂ ਸ਼ੁਰੂ ਹੋ ਕੇ ਪੰਜਾਬੀਆਂ ਵਲੋਂ ਆਪਣੀ ਆਨ, ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਨੇਕਾਂ ਘੋਲਾਂ ਦਾ ਵਿਸਥਾਰ ਵਿਚ ਵਰਨਣ ਕੀਤਾ। ਕਿਸਾਨੀ ਘੋਲ ਦੀ ਗੱਲ ਕਰਦਿਆਂ ਉਨ੍ਹਾਂ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕੇ ਪੰਜਾਬੀ ਆਪਣੀਆਂ ਨਰੋਈਆ ਕਦਰਾਂ-ਕੀਮਤਾਂ ’ਤੇ ਚੱਲਦਿਆਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨੀ ਨੂੰ ਤਹਿਸ-ਨਹਿਸ ਕਰਨ ਵਾਲੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤਕੜੀ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਕੁਝ ਕਿਤਾਬੀ ਅਤੇ ਫੇਸਬੁਕੀ ਵਿਦਵਾਨਾਂ ’ਤੇ ਗਿਲਾ ਵੀ ਕੀਤਾ, ਜੋ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੇ ਲੀਡਰਾਂ ’ਤੇ ਬੇਬੁਨਿਆਦ ਸਵਾਲ ਖੜੇ੍ਹ ਕਰਕੇ ਇਸ ਘੋਲ ਨੂੰ ਠੇਸ ਪਹੁੰਚਾ ਰਹੇ ਹਨ। ਸਾਧੂ ਸਿੰਘ ਸੰਘਾ ਹੋਰਾਂ ਵੀ ਕਿਸਾਨੀ ਅੰਦੋਲਨ ਵਲੋਂ ਉਸਾਰੀ ਲੋਕ ਏਕਤਾ ’ਤੇ ਖੁਸ਼ੀ ਪ੍ਰਗਟਾਈ ਅਤੇ ਲੋਕਾਂ ਨੂੰ ਇਸ ਏਕਤਾ ਨੂੰ ਤੋੜਨ ਲਈ ਹਰ ਤਰ੍ਹਾਂ ਦੀਆਂ ਸਰਕਾਰੀ ਚਾਲਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ। ਪਿਸ਼ੋਰਾ ਸਿੰਘ ਢਿੱਲੋਂ ਨੇ ਆਪਣੀ ਲਿਖੀ ਇਕ ਭਾਵਪੂਰਤ ਕਵਿਤਾ ਤਰੰਨਮ ਵਿਚ ਸੁਣਾਈ। ਰਾਜ ਬਰਾੜ ਨੇ ਦੋ ਗੀਤ ਸੁਣਾ ਕੇ ਲਾਲ ਚੰਦ ਯਮਲਾ ਜੀ ਦੀ ਯਾਦ ਤਾਜ਼ਾ ਕਰ ਦਿਤੀ। ਡਾ. ਅਰਜਨ ਸਿੰਘ ਜੋਸਨ ਅਤੇ ਹਰਭਜਨ ਸਿੰਘ ਢਿੱਲੋਂ ਨੇ ਵੀ ਆਪਣੇ ਵਿਚਾਰ ਰੱਖੇ। ਪ੍ਰੋ. ਪਰਮਪਾਲ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿਖ ਧਰਮ ਦੇ ਅਨੁਸਾਰ ਸ਼ਹੀਦ ਦੇ ਮਾਇਨੇ ਅਤੇ ਵਡਿਆਈ ਦੀ ਗੱਲ ਕੀਤੀ। ਪਰਗਟ ਸਿੰਘ ਧਾਲੀਵਾਲ ਨੇ ਵੀ ਸ਼ਹੀਦਾਂ ਦੀਆ ਕੁਰਬਾਨੀਆਂ ਤੋਂ ਬਾਅਦ ਆਈ ਆਜ਼ਾਦੀ ਨੂੰ ਆਮ ਲੋਕਾਂ ਦੀ ਆਜ਼ਾਦੀ ਵਿਚ ਬਦਲਣ ਲਈ ਹੋਰ ਸੰਘਰਸ਼ ਦੀ ਲੋੜ ’ਤੇ ਜ਼ੋਰ ਦਿੱਤਾ।
ਸੁਰਿੰਦਰ ਸਿੰਘ ਮੰਢਾਲੀ ਨੇ ਇਸ ਪ੍ਰੋਗਰਾਮ ਦੀ ਗੱਲ ਲੋਕਾਂ ’ਚ ਪਹੁੰਚਾਉਣ ਲਈ 900 ਏ.ਐੱਮ. ਦੇ ਰੇਡਿੳ ਦੇ ਹੋਸਟ ਜਿਨ੍ਹਾਂ ਵਿਚ ਸੁਖੀ ਹੇਅਰ, ਬਲਵਿੰਦਰ ਸਿੰਘ, ਸੰਤੋਖ ਮਿਨਹਾਸ, ਹਰਜਿੰਦਰ ਸਿੰਘ, ਜਸਵੰਤ ਮਹਿਮੀ, ਬਲਬੀਰ ਸਿੰਘ ਢਿੱਲੋਂ ਅਤੇ ਹੋਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਜੱਸ ਟੈਲੀਵਿਜ਼ਨ ਦਾ ਇਸ ਪ੍ਰੋਗਰਾਮ ਦੀ ਕਵਰੇਜ਼ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਜਸ ਟੀ.ਵੀ. ਨਾਲ ਲੰਬਾ ਸਮਾਂ ਸਬੰਧਤ ਰਹੇ ਮਸਹੂਰ ਹੋਸਟ ਹਰਵਿੰਦਰ ਰਿਆੜ ਦੀ ਕੁਝ ਹਫਤੇ ਪਹਿਲਾ ਹੋਈ ਮੌਤ ’ਤੇ ਉਨ੍ਹਾਂ ਦੇ ਪਰਿਵਾਰ ਅਤੇ ਸਬੰਧੀਆ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ।

Share