ਇੰਡੀਆ ਤੋਂ ਆਈਆਂ ਤਿੰਨੇ ਫਲਾਈਟਾਂ ਦੇ ਸਾਰੇ ਯਾਤਰੀ ਕਰੋਨਾ ਮੁਕਤ ਰਹੇ-ਆਖਰੀ ਫਲਾਈਟ ਦਾ ਵੀ ਏਕਾਂਤਵਾਸ ਖਤਮ

930
ਏਕਾਂਤਵਾਸ ਬਾਅਦ ਔਕਲੈਂਡ ਅੰਤਰਰਾਜੀ ਹਵਾਈ ਅੱਡੇ 'ਤੇ ਪਹੁੰਚੇ ਯਾਤਰੀ ਕੁੱਲ 16 ਦਿਨਾਂ ਬਾਅਦ ਅੱਜ ਪਹੁੰਚੇ ਆਪਣੇ ਘਰ।
Share

-ਹੋਟਲ ਦੇ ਪ੍ਰਬੰਧਾਂ ਵਿਚ ਹਾਊਸਕੀਪਿੰਗ, ਮੈਡਕਲ, ਵੈਲਬੀਂਗ, ਏਵੀਏਸ਼ਨ, ਰਿਸਪਾਂਡ ਟੀਮ ਅਤੇ ਪੁਲਿਸ ਟੀਮ ਦਾ ਵੱਡਾ ਯੋਗਦਾਨ
ਔਕਲੈਂਡ, 15 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਕਰੋਨਾ ਵਾਇਰਸ ਦੇ ਚਲਦਿਆਂ ਲਗਪਗ ਬਹੁਤ ਸਾਰੇ ਦੇਸ਼ਾਂ ਨੇ ਇਸ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਆਪਣੇ ਦੇਸ਼ ਦੇ ਬਾਰਡਰ ਵਿਦੇਸ਼ੀ ਲੋਕਾਂ ਲਈ ਬੰਦ ਕੀਤੇ ਹੋਏ ਹਨ। ਇਸੇ ਕਾਰਨ ਬਹੁਤ ਸਾਰੀਆਂ ਏਅਰ ਲਾਈਨਾਂ ਸਿੱਧੇ ਰੂਪ ਵਿਚ ਬੰਦ ਹੋ ਗਈਆਂ ਪਰ ਉਸ ਦੇਸ਼ ਦੇ ਵਸਨੀਕਾਂ ਨੂੰ ਸਰਕਾਰ ਨੇ ਵਿਸ਼ੇਸ਼ ਵਤਨ ਵਾਪਿਸੀ ਵਾਲੇ ਚਾਰਟਰ ਜਹਾਜ਼ਾਂ ਦੇ ਵਿਚ ਲੈ ਆਂਦਾ ਹੈ। ਇਸੇ ਪ੍ਰਚਲਨ ਵਿਚ ਮਾਰਚ, ਅਪ੍ਰੈਲ ਅਤੇ ਮਈ ਮਹੀਨੇ ਭਾਰਤ ਤੋਂ ਵਾਪਿਸ ਨਿਊਜ਼ੀਲੈਂਡ ਪਰਤਣ ਵਾਲੇ 1900 ਦੇ ਕਰੀਬ ਲੋਕ ਏਅਰ ਲਾਈਨਾਂ ਦੇ ਬੰਦ ਹੋਣ ਕਰਕੇ ਉਥੇ ਰਹਿਣ ਲਈ ਮਜਬੂਰ ਹੋ ਗਏ ਸਨ। ਪਰ ਨਿਊਜ਼ੀਲੈਂਡ ਸਰਕਾਰ ਨੇ ਤਿੰਨ ਵਿਸ਼ੇਸ਼ ਫਲਾਈਟਾਂ ਚਲਾ ਕੇ 700 ਤੋਂ ਉਪਰ ਆਪਣੇ ਨਾਗਰਿਕ, ਪੱਕੇ ਵਸਨੀਕ ਅਤੇ ਹੋਰ ਯੋਗ ਲੋਕਾਂ ਨੂੰ ਇਥੇ ਵਾਪਿਸ ਲੈ ਆਂਦਾ ਸੀ। ਪਹਿਲ ਜਹਾਜ਼ 24 ਅਪ੍ਰੈਲ ਨੂੰ ਦਿੱਲੀ ਤੋਂ ਔਕਲੈਂਡ ਪਹੁੰਚਿਆ ਸੀ, ਦੂਜਾ ਜਹਾਜ਼ 27 ਅਪ੍ਰੈਲ ਨੂੰ ਮੁੰਬਈ ਤੋਂ ਕ੍ਰਾਈਸਟਚਰਚ ਪਹੁੰਚਿਆ ਸੀ ਅਤੇ ਤੀਜਾ ਜਹਾਜ਼ ਦਿੱਲੀ ਤੋਂ ਫਿਰ ਕ੍ਰਾਈਸਟਚਰਚ ਪਹੁੰਚਿਆ ਸੀ। ਵਾਪਿਸੀ ਲਈ 5500 ਡਾਲਰ ਦੀ ਮਹਿੰਗੀ ਟਿਕਟ ਲੋਕਾਂ ਨੇ ਖਰੀਦੀ ਸੀ। ਸਰਕਾਰ ਵੱਲੋਂ ਸਾਰੇ ਯਾਤਰੀਆਂ ਨੂੰ 4-5 ਸਟਾਰ ਹੋਟਲਾਂ ਦੇ ਵਿਚ 14 ਦਿਨਾਂ ਦੇ ਲਈ ਏਕਾਂਤਵਾਸ ਵਜੋਂ ਰੱਖਿਆ ਸੀ ਤਾਂ ਕਿ ਕਰੋਨਾ ਆਦਿ ਹੋਵੇ ਤਾਂ ਫੈਲਾਅ ਨਾ ਹੋ ਸਕੇ। ਇਸ ਰਿਹਾਇਸ਼ ਦੌਰਾਨ ਰੋਟੀ-ਪਾਣੀ, ਦਵਾਈਆਂ ਅਤੇ ਇੰਟਰਨੈਟ ਆਦਿ ਸਭ ਸਹੂਲਤਾਂ ਮੁਫਤ ਉਪਲਬਧ ਕਰਵਾਈਆਂ ਗਈਆਂ। ਬੀਤੀ ਰਾਤ ਤੀਜੀ ਫਲਾਈਟ ਜੋ ਦਿੱਲੀ ਤੋਂ ਕ੍ਰਾਈਸਟਚਰਚ 30 ਅਪ੍ਰੈਲ ਨੂੰ ਆਈ ਸੀ ਦੇ ਸਾਰੇ ਯਾਤਰੀ ਅੱਜ 14 ਦਿਨਾਂ ਬਾਅਦ ਆਪਣੇ-ਆਪਣੇ ਘਰਾਂ ਨੂੰ ਆਪਣੇ ਸਾਧਨਾਂ ਰਾਹੀਂ ਰਵਾਨਾ ਹੋ ਗਏ। ਬਹੁਤੇ ਲੋਕ ਔਕਲੈਂਡ ਆਏ ਅਤੇ ਦੁਬਾਰਾ ਟਿਕਟ 500 ਡਾਲਰ ਤੱਕ ਲੈਣੀ ਪਈ।
ਇਸ ਸਾਰੇ ਵਰਤਾਰੇ ਦੇ ਵਿਚ ਖਾਸ ਗੱਲ ਇਹ ਰਹੀ ਕਿ ਭਾਰਤ ਤੋਂ ਆਏ ਸਾਰੇ ਯਾਤਰੀ ਕਰੋਨਾ ਮੁਕਤ ਰਹੇ। ਕੁਝ ਵਿਅਕਤੀਆਂ ਦਾ ਸ਼ੱਕ ਦੇ ਅਧਾਰ ਉਤੇ ਟੈਸਟ ਜਰੂਰ ਕੀਤਾ ਗਿਆ ਪਰ ਅਧਿਕਾਰਕ ਤੌਰ ਉਤੇ ਸਾਹਮਣੇ ਨਹੀਂ ਆਇਆ ਕਿ ਕਿਸੀ ਨੂੰ ਕਰੋਨਾ ਹੋਇਆ ਹੋਵੇ। ਤੀਜੀ ਫਲਾਈਟ ਦੇ ਯਾਤਰੀ ਜਿਸ ਹੋਟਲ ਦੇ ਵਿਚ ਰੱਖੇ ਹੋਏ ਸਨ, ਦੇ ਮੈਡੀਕਲ ਸਟਾਫ ਨਾਲ ਇਸ ਸਬੰਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਕੋਈ ਵੀ ਯਾਤਰੀ ਕਰੋਨਾ ਪਾਜੇਟਿਵ ਨਹੀਂ ਪਾਇਆ ਗਿਆ। ਸੋ ਕਹਿ ਸਕਦੇ ਹਾਂ ਕਿ ਸਾਰੇ ਭਾਰਤੀ ਯਾਤਰੀ ਇਕ ਤਰ੍ਹਾਂ ਨਾਲ ਕਰੋਨਾ ਦੇ ਉਲਾਂਭੇ ਤੋਂ ਬਚ ਗਏ ਅਤੇ ਆਉਣ ਵਾਲੀਆਂ ਸੰਭਾਵੀ ਫਲਾਈਟਾਂ ਲਈ ਆਸ ਕੀਤੀ ਜਾ ਸਕਦੀ ਹੈ ਕਿ ਸਾਰੇ ਠੀਕ ਠਾਕ ਆਉਣਗੇ। ਏਕਾਂਤਵਾਸ ਲਈ ਕੀਤੇ ਗਏ ਪ੍ਰਬੰਧ ਕਾਫੀ ਵਧੀਆ ਸਨ।

ਅੱਜ ਏਕਾਂਤਵਾਸ ਤੋਂ ਰਵਾਨਗੀ ਵੇਲੇ ਹੋਟਲ ਦਾ ਵਿਸ਼ੇਸ਼ ਸਹਾਇਕ ਰਿਸਪਾਂਡ ਦਲ, ਏਵੀਏਸ਼ਨ ਸਟਾਫ, ਸਿਹਤ ਵਿਭਾਗ, ਵੈਲਬੀਂਗ ਟੀਮ, ਨਿਊਜ਼ੀਲੈਂਡ ਪੁਲਿਸ ਅਤੇ ਹੋਟਲ ਦਾ ਆਪਣਾ ਸਟਾਫ ਮੌਜੂਦ ਸੀ। ਸਾਰਿਆਂ ਦੀ ਵਿਸ਼ੇਸ਼ ਡਿਊਟੀ ਰਵਾਨਗੀ ਵੇਲੇ ਲੱਗੀ ਹੋਈ ਸੀ। ਪੁਲਿਸ ਅਫਸਰ ਆਪ ਸਾਰੇ ਯਾਤਰੀਆਂ ਦੀ ਸਹਾਇਤਾ ਕਰ ਰਹੇ ਸਨ ਅਤੇ ਅਫਸਰ ਅਟੈਚੀ ਵੀ ਚੁੱਕ ਕੇ ਸ਼ਟਲ ਟੈਕਸੀ ਦੇ ਵਿਚ ਰੱਖ ਰਹੇ ਸਨ। ਇਹ ਪੱਤਰਕਾਰ ਉਸ ਵੇਲੇ ਉਥੇ ਮੌਜੂਦ ਸੀ ਅਤੇ ਉਸਨੇ ਸਾਰਿਆਂ ਦਾ ਕੋਲ ਜਾ ਕੇ ਵਿਸ਼ੇਸ਼ ਧੰਨਵਾਦ ਕੀਤਾ।
ਅੱਜ ਕੁਝ ਮੀਡੀਆ ਅਦਾਰਿਆਂ ਅਤੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਸਰਕਾਰ ਵਿਚਕਾਰ ਅਹਿਮ ਗੱਲਬਾਤ ਚੱਲ ਰਹੀ ਹੈ ਅਤੇ ਪੂਰਨ ਆਸ ਹੈ ਕਿ ਬੰਦੇ ਭਾਰਤ ਮਿਸ਼ਨ ਦੇ ਤਹਿਤ ਤੀਜੇ ਫੇਜ਼ ਦੇ ਵਿਚ ਨਿਊਜ਼ੀਲੈਂਡ ਦਾ ਨੰਬਰ ਲਗ ਸਕਦਾ ਹੈ। ਕਮਿਊਨਿਟੀ ਦੇ ਕੁਝ ਸਮਾਜ ਸੇਵਕ ਅਤੇ ਰਾਜਨੀਤਕ ਲੋਕ ਭਾਰਤੀ ਦੂਤਾਵਾਸ ਅਤੇ ਨਿਊਜ਼ੀਲੈਂਡ ਵਿਦੇਸ਼ ਮੰਤਰਾਲੇ ਨਾਲ ਸਬੰਧ ਕਾਇਮ ਕਰਕੇ ਅਜਿਹਾ ਜ਼ੋਰ ਪਾਉਣ ਦੇ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ।


Share