ਇੰਡੀਆਨਾ ’ਵਿਚ ‘ਫੇਡਐਕਸ ਕੰਪਨੀ’ ’ਚ ਗੋਲੀਬਾਰੀ ਨੇ ਵਲੂੰਧਰੇ ਅਮਰੀਕਿਆਂ ਦੀ ਹਿਰਦੇ; 4 ਪੰਜਾਬੀਆਂ ਸਮੇਤ 8 ਲੋਕਾਂ ਦੀ ਮੌਤ

85
Share

ਇੰਡੀਆਨਾ, 21 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਇੰਡੀਆਨਾ ਸੂਬੇ ’ਚ ‘ਫੇਡਐਕਸ’ ਕੰਪਨੀ ਦੇ ਇਕ ਕੰਪਲੈਕਸ ’ਚ ਗੋਲੀਬਾਰੀ ਦੀ ਘਟਨਾ ’ਚ ਸਿੱਖ ਭਾਈਚਾਰੇ ਦੇ 4 ਵਿਅਕਤੀਆਂ ਸਮੇਤ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਬ੍ਰੇਂਡਨ ਸਕਾਟ ਹੋਲ ਦੇ ਰੂਪ ’ਚ ਕੀਤੀ ਗਈ ਹੈ, ਜੋ ਫੈਡੇਕਸ ਦਾ ਸਾਬਕਾ ਮੁਲਾਜ਼ਮ ਸੀ। ਜਿਸ ਨੇ ਇੰਡੀਆਨਾਪੋਲਿਸ ’ਚ ਸਥਿਤ ਫੇਡਐਕਸ ਕੰਪਨੀ ਦੇ ਕੰਪਲੈਕਸ ’ਚ ਵੀਰਵਾਰ ਦੇਰ ਰਾਤ ਗੋਲੀਬਾਰੀ ਕਰਨ ਦੇ ਬਾਅਦ ਕਥਿਤ ਤੌਰ ’ਤੇ ਖ਼ੁਦ ਨੂੰ ਗੋਲੀ ਮਾਰ ਲਈ।
ਡਿਲਿਵਰੀ ਸੇਵਾ ਪ੍ਰਦਾਤਾ ਕੰਪਨੀ ਦੇ ਇਸ ਕੰਪਲੈਕਸ ਵਿਚ ਕੰਮ ਕਰਨ ਵਾਲੇ 90 ਫ਼ੀਸਦੀ ਤੋਂ ਜ਼ਿਆਦਾ ਕਰਚਮਾਰੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੱਸੇ ਜਾਂਦੇ ਹਨ, ਜਿਨ੍ਹਾਂ ’ਚ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਹਨ। ਸ਼ੁੱਕਰਵਾਰ ਦੇ ਰਾਤ ਮੇਰੀਅਤ ਕਾਉਂਟੀ ਕੋਰੋਨਰ ਦਫ਼ਤਰ ਅਤੇ ਇੰਡੀਆਨਾਪੋਲਿਸ ਮੈਟਰੋਪੋਲਿਟਨ ਪੁਲਿਸ ਵਿਭਾਗ (ਆਈ.ਐੱਮ.ਪੀ.ਡੀ.) ਨੇ ਮ੍ਰਿਤਕਾਂ ਦੇ ਨਾਮ ਦਾ ਖ਼ੁਲਾਸਾ ਕੀਤਾ। ਮ੍ਰਿਤਕਾਂ ’ਚ ਅਮਰਜੀਤ ਜੌਹਲ (66), ਜਸਵਿੰਦਰ ਕੌਰ (64), ਅਮਰਜੀਤ (48) ਅਤੇ ਜਸਵਿੰਦਰ ਸਿੰਘ (68) ਸ਼ਾਮਲ ਹਨ। ਬਾਕੀ ਮ੍ਰਿਤਕਾਂ ਦੀ ਪਛਾਣ ਕਰਲੀ ਸਮਿੱਥ (19), ਸਮਾਰੀਆ ਬਲੈਕਵੈਲ (19), ਮੈਥੀਊ ਆਰ ਅਲੈਗਜੈਂਡਰ (32) ਤੇ ਜੌਹਨ ਵੀਸਰਟ (74) ਵਜੋਂ ਹੋਈ ਹੈ।
ਮਾਰੇ ਗਏ ਵਿਅਕਤੀਆਂ ਦੀ ਉਮਰ 19 ਤੋਂ 74 ਸਾਲ ਦਰਮਿਆਨ ਹੈ। ਇੰਡਿਆਨਾਪੋਲਿਸ ਦੇ ਡਿਪਟੀ ਪੁਲਿਸ ਮੁਖੀ ਕਰੈਗ ਮੈਕਾਰਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੱਕੀ ਹਮਲਾਵਰ ਨੇ ਫੈਡੇਕਸ ਅਦਾਰੇ ਦੇ ਅੰਦਰ ਤੇ ਬਾਹਰ ਗੋਲੀਆਂ ਚਲਾਈਆਂ।
ਆਈ.ਐੱਮ.ਪੀ.ਡੀ. ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਇਕ ਹੋਰ ਵਿਅਕਤੀ ਹਰਪ੍ਰੀਤ ਸਿੰਘ ਗਿੱਲ (45) ਨੂੰ ਅੱਖ ਕੋਲ ਗੋਲੀ ਲੱਗੀ ਹੈ ਅਤੇ ਅਜੇ ਉਹ ਹਸਪਤਾਲ ਵਿਚ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਘਟਨਾ ’ਤੇ ਸੋਗ ਪ੍ਰਗਟ ਕੀਤਾ ਹੈ।
ਬਾਇਡਨ ਨੇ ਇਕ ਬਿਆਨ ’ਚ ਕਿਹਾ, ‘ਹੋਮਲੈਂਡ ਸਕਿਓਰਿਟੀ ਦੀ ਟੀਮ ਵੱਲੋਂ ਉਪ ਰਾਸ਼ਟਰਪਤੀ ਹੈਰਿਸ ਅਤੇ ਮੈਨੂੰ, ਇੰਡੀਆਨਾਪੋਲਿਸ ’ਚ ਫੇਡਐਕਸ ਕੰਪਲੈਕਸ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿੱਥੇ ਰਾਤ ਦੇ ਹਨ੍ਹੇਰੇ ’ਚ ਇਕੱਲੇ ਬੰਦੂਕਧਾਰੀ ਨੇ 8 ਲੋਕਾਂ ਦੀ ਜਾਨ ਲੈ ਲਈ ਅਤੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਬਾਇਡਨ ਨੇ ਮ੍ਰਿਤਕਾਂ ਦੇ ਸਨਮਾਨ ’ਚ ਵ੍ਹਾਈਟ ਹਾਊਸ ਅਤੇ ਹੋਰ ਸੰਘੀ ਇਮਾਰਤਾਂ ਵਿਚ ਰਾਸ਼ਟਰੀ ਝੰਡਾ ਅੱਧਾ ਲਹਿਰਾਉਣ ਦਾ ਹੁਕਮ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ’ਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰ ਲਈ ਸੀ। ਫੇਡਐਕਸ ਨੇ ਇਸ ਪੁਸ਼ਟੀ ਕੀਤੀ ਹੈ ਕਿ ਉਕਤ ਹਮਲਾਵਰ ਇੰਡੀਆਨਾਪੋਲਿਸ ਵਿਚ ਕੰਪਨੀ ਦਾ ਸਾਬਕਾ ਕਰਮਚਾਰੀ ਸੀ।


Share