ਇੰਡੀਆਨਾ ‘ਚ 2 ਪੰਜਾਬੀ ਮੂਲ ਦੇ ਵਿਅਕਤੀ ਕੋਕੀਨ ਸਮੇਤ ਕਾਬੂ

514
Share

ਫਰਿਜ਼ਨੋ, 13 ਦਸੰਬਰ (ਮਾਛੀਕੇ/ਧਾਲੀਆਂ/ਰਾਜ ਗੋਗਨਾ/ਪੰਜਾਬ ਮੇਲ)-ਇੰਡੀਆਨਾ ਸਟੇਟ ਪੁਲਿਸ ਨੇ ਨਿਯਮਤ ਰੂਪ ‘ਚ ਕੀਤੀ ਜਾਂਦੀ ਟਰੱਕਾਂ ਦੀ ਜਾਂਚ ਦੌਰਾਨ ਵੱਡੀ ਮਾਤਰਾ ‘ਚ ਕੋਕੀਨ ਬਰਾਮਦ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ।
ਇਸ ਹਫਤੇ ਦੇ ਸ਼ੁਰੂ ਵਿਚ, ਇੰਡੀਆਨਾ ਸਟੇਟ ਪੁਲਿਸ (ਆਈ.ਐੱਸ.ਪੀ.) ਨੇ ਇੱਕ ਟਰੱਕ ਦੀ ਜਾਂਚ ਤੋਂ ਬਾਅਦ ਨਸ਼ਿਆਂ ਦੀ ਵੱਡੀ ਖੇਪ ਨੂੰ ਕਬਜ਼ੇ ਵਿਚ ਲਿਆ ਹੈ। ਪੁਲਿਸ ਨੂੰ ਇਹ ਸਫਲਤਾ 7 ਦਸੰਬਰ ਨੂੰ ਇੰਡੀਆਨਾ ਦੀ ਪੋਰਟਰ ਕਾਉਂਟੀ ਦੇ ਇੱਕ ਆਈ-94 ਈਸਟਬਾਉਂਡ ਵੇਟ ਸਟੇਸ਼ਨ ‘ਤੇ ਕੀਤੀ ਕਾਰਵਾਈ ਦੌਰਾਨ ਮਿਲੀ। ਇਸ ਕਾਰਵਾਈ ਦੌਰਾਨ ਅਧਿਕਾਰੀਆਂ ਨੇ 18,000 ਪੌਂਡ ਬਾਰੀਕ ਲਸਣ ਨਾਲ ਭਰੇ ਇੱਕ ਟਰੱਕ ਦੇ ਮੁਆਇਨੇ ਦੌਰਾਨ ਟ੍ਰੇਲਰ ਦੇ ਅੰਦਰਲੇ ਸਮਾਨ ‘ਤੇ ਸ਼ੱਕ ਜ਼ਾਹਿਰ ਕੀਤਾ ਅਤੇ ਅਧਿਕਾਰੀਆਂ ਦੁਆਰਾ ਟ੍ਰੇਲਰ ਵਿਚ ਮੌਜੂਦ ਕਾਲੇ ਬੈਗਾਂ ਦੀ ਜਾਂਚ ਕਰਨ ‘ਤੇ ਚਿੱਟੇ ਪਦਾਰਥ ਦੇ ਕਈ ਪੈਕੇਜ ਸਾਹਮਣੇ ਆਏ, ਜਿਨ੍ਹਾਂ ਵਿਚ ਅਗਲੀ ਜਾਂਚ ਹੋਣ ਤੋਂ ਬਾਅਦ ਕੋਕੀਨ ਮੌਜੂਦਗੀ ਦੀ ਪੁਸ਼ਟੀ ਹੋਈ, ਜਿਸਦੇ ਬਾਅਦ ਪੁਲਿਸ ਦੁਆਰਾ ਟਰੱਕ ‘ਚ ਸਵਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇੰਡੀਆਨਾ ਪੁਲਿਸ ਦੇ ਅਨੁਸਾਰ ਟ੍ਰੇਲਰ ‘ਚੋਂ ਕੁੱਲ 50 ਕਿੱਲੋ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ, ਜਿਸਦੀ ਅੰਦਾਜ਼ਨ ਕੀਮਤ ਲਗਭਗ 1.5 ਤੋਂ 2 ਮਿਲੀਅਨ ਡਾਲਰ ਹੈ। ਇਸ ਮਾਮਲੇ ‘ਚ ਕੈਲੀਫੋਰਨੀਆ ਦੇ ਰਹਿਣ ਵਾਲੇ ਬਲਜਿੰਦਰ ਸਿੰਘ (37) ਅਤੇ ਗੁਰਵਿੰਦਰ ਸਿੰਘ (32) ‘ਤੇ ਕੋਕੀਨ ਦੇ ਸੰਬੰਧ ‘ਚ ਦੋਸ਼ ਲਗਾਏ ਗਏ ਹਨ। ਇਸ ਸਬੰਧੀ ਪੁਲਿਸ ਹੋਰ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਮਰੀਕੀ ਪੁਲਿਸ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਫੜ ਚੁੱਕੀ ਹੈ।


Share