ਇੰਡੀਆਨਾ ਚ ਬੰਦੂਕਧਾਰੀ ਨੇ 8 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ, ਮ੍ਰਿਤਕਾਂ ’ਚ 4 ਸਿੱਖ ਵੀ ਸ਼ਾਮਲ

210
Share

ਇੰਡੀਆਨਾ, 17 ਅਪ੍ਰੈਲ (ਪੰਜਾਬ ਮੇਲ) – ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ‘ਫੇਡਐਕਸ’ ਕੰਪਨੀ ਦੇ ਇਕ ਕੰਪਲੈਕਸ ਵਿਚ ਗੋਲੀਬਾਰੀ ਦੀ ਘਟਨਾ ਵਿਚ ਸਿੱਖ ਭਾਈਚਾਰੇ ਦੇ 4 ਵਿਅਕਤੀਆਂ ਸਮੇਤ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।  ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਬ੍ਰੇਂਡਨ ਸਕਾਟ ਹੋਲ ਦੇ ਰੂਪ ਵਿਚ ਕੀਤੀ ਗਈ ਹੈ, ਜਿਸ ਨੇ ਇੰਡੀਆਨਾਪੋਲਿਸ ਵਿਚ ਸਥਿਤ ਫੇਡਐਕਸ ਕੰਪਨੀ ਦੇ ਕੰਪਲੈਕਸ ਵਿਚ ਵੀਰਵਾਰ ਦੇਰ ਰਾਤ ਗੋਲੀਬਾਰੀ ਕਰਨ ਦੇ ਬਾਅਦ ਕਥਿਤ ਤੌਰ ’ਤੇ ਖ਼ੁਦ ਨੂੰ ਗੋਲੀ ਮਾਰ ਲਈ। 

ਡਿਲਿਵਰੀ ਸੇਵਾ ਪ੍ਰਦਾਤਾ ਕੰਪਨੀ ਦੇ ਇਸ ਕੰਪਲੈਕਸ ਵਿਚ ਕੰਮ ਕਰਨ ਵਾਲੇ 90 ਫ਼ੀਸਦੀ ਤੋਂ ਜ਼ਿਆਦਾ ਕਰਚਮਾਰੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੱਸੇ ਜਾਂਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਹਨ। ਸ਼ੁੱਕਰਵਾਰ ਦੇ ਰਾਤ ਮੇਰੀਅਤ ਕਾਉਂਟੀ ਕੋਰੋਨਰ ਦਫ਼ਤਰ ਅਤੇ ਇੰਡੀਆਨਾਪੋਲਿਸ ਮੈਟਰੋਪੋਲਿਟਨ ਪੁਲਸ ਵਿਭਾਗ (ਆਈ.ਐਮ.ਪੀ.ਡੀ.) ਨੇ ਮ੍ਰਿਤਕਾਂ ਦੇ ਨਾਮ ਦਾ ਖ਼ੁਲਾਸਾ ਕੀਤਾ। ਮ੍ਰਿਤਕਾਂ ਵਿਚ ਅਮਰਜੀਤ ਜੋਹਲ (66), ਜਸਵਿੰਦਰ ਕੌਰ (64), ਅਮਰਜੀਤ (48) ਅਤੇ ਜਸਵਿੰਦਰ ਸਿੰਘ (68) ਸ਼ਾਮਲ ਹਨ। ਆਈ.ਐਮ.ਪੀ.ਡੀ. ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਇਕ ਹੋਰ ਵਿਅਕਤੀ ਹਰਪ੍ਰੀਤ ਸਿੰਘ ਗਿੱਲ (45) ਨੂੰ ਅੱਖ ਕੋਲ ਗੋਲੀ ਲੱਗੀ ਹੈ ਅਤੇ ਅਜੇ ਉਹ ਹਸਪਤਾਲ ਵਿਚ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਘਟਨਾ ’ਤੇ ਸੋਗ ਪ੍ਰਗਟ ਕੀਤਾ ਹੈ।

ਬਾਈਡੇਨ ਨੇ ਇਕ ਬਿਆਨ ਵਿਚ ਕਿਹਾ, ‘ਹੋਮਲੈਂਡ ਸਕਿਓਰਿਟੀ ਦੀ ਟੀਮ ਵੱਲੋਂ ਉਪ ਰਾਸ਼ਟਰਪਤੀ ਹੈਰਿਸ ਅਤੇ ਮੈਨੂੰ, ਇੰਡੀਆਨਾਪੋਲਿਸ ਵਿਚ ਫੇਡਐਕਸ ਕੰਪਲੈਕਸ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿੱਥੇ ਰਾਤ ਦੇ ਹਨ੍ਹੇਰੇ ਵਿਚ ਇਕੱਲੇ ਬੰਦੂਕਧਾਰੀ ਨੇ 8 ਲੋਕਾਂ ਦੀ ਜਾਨ ਲੈ ਲਈ ਅਤੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ।

ਬਾਈਡੇਨ ਨੇ ਮ੍ਰਿਤਕਾਂ ਦੇ ਸਨਮਾਨ ਵਿਚ ਵ੍ਹਾਈਟ ਹਾਊਸ ਅਤੇ ਹੋਰ ਸੰਘੀ ਇਮਾਰਤਾਂ ਵਿਚ ਰਾਸ਼ਟਰੀ ਝੰਡਾ ਅੱਧਾ ਲਹਿਰਾਉਣ ਦਾ ਹੁਕਮ ਦਿੱਤਾ ਹੈ।  ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ‘ਤੇ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰ ਲਈ ਸੀ। ਫੇਡਐਕਸ ਨੇ ਇਸ ਪੁਸ਼ਟੀ ਕੀਤੀ ਹੈ ਕਿ ਉਕਤ ਹਮਲਾਵਰ ਇੰਡੀਆਨਾਪੋਲਿਸ ਵਿਚ ਕੰਪਨੀ ਦਾ ਸਾਬਕਾ ਕਰਮਚਾਰੀ ਸੀ। ਅੱਗੇ ਦੀ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।


Share