ਇੰਟਰਨੈਸ਼ਨਲ ਗੋਲਡ ਮੈਡਲਿਸਟ ਖਿਡਾਰੀ ’ਤੇ ਜਾਨਲੇਵਾ ਹਮਲਾ

58
* ਇਲਾਜ ਲਈ ਖੱਜਲ ਹੁੰਦਾ ਰਿਹਾ ਖਿਡਾਰੀ
ਫਿਲੌਰ, 6 ਅਕਤੂਬਰ (ਪੰਜਾਬ ਮੇਲ)- ਨਜ਼ਦੀਕੀ ਪਿੰਡ ਫਰਵਾਲਾ ਵਿਖੇ ਇਕ ਇੰਟਰਨੈਸ਼ਨਲ ਗੋਲਡ ਮੈਡਲਿਸਟ ਖਿਡਾਰੀ ’ਤੇ ਜਾਨਲੇਵਾ ਹਮਲਾ ਹੋ ਗਿਆ। ਇਸ ਸਬੰਧੀ ਪੀੜਤ ਖਿਡਾਰੀ ਅਬਜੀਤ ਕੁਮਾਰ ਉਰਫ਼ (ਬਿੱਟੂ) ਫਰਵਾਲਾ ਨੇ ਦਸਿਆ ਕਿ ਉਹ ਆਪਣੇ ਪਿੰਡ ’ਚ ਹੀ ਚੱਲ ਰਿਹਾ ਛਿੰਝ ਮੇਲਾ ਵੇਖ ਰਿਹਾ ਸੀ ਕਿ ਅਚਾਨਕ ਇਕ ਵਿਅਕਤੀ ਨੇ ਉਸ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਜ਼ਖਮੀ ਖਿਡਾਰੀ ਇਲਾਜ ਲਈ ਨਜ਼ਦੀਕੀ ਸਿਵਲ ਹਸਪਤਾਲ ਬਿਲਗਾ ਵਿਖੇ ਗਿਆ, ਪਰ ਉੱਥੇ ਕੋਈ ਡਾਕਟਰ ਮੌਜੂਦ ਨਾ ਹੋਣ ਕਾਰਨ ਉਸ ਨੂੰ ਨੂਰਮਹਿਲ ਵਿਖੇ ਜਾਣਾ ਪਿਆ ਤਾਂ ਉੱਥੇ ਵੀ ਕੋਈ ਡਾਕਟਰ ਮੌਜੂਦ ਨਹੀ ਸੀ, ਜਿਸ ਤੋਂ ਬਾਅਦ ਆਪਣਾ ਵੱਢਿਆ ਹੋਇਆ ਗਲਾ ਲੈ ਕੇ ਖਿਡਾਰੀ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਜਾਣਾ ਪਿਆ, ਪਰ ਉੱਥੇ ਵੀ ਡਾਕਟਰਾਂ ਵਲੋਂ ਐੱਮ.ਐੱਲ.ਆਰ. ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਖਿਡਾਰੀ ਨੇ ਸਿਰਫ਼ ਸਾਧਾਰਨ ਹੀ ਪੱਟੀ ਕਰਵਾ ਲਈ। ਖੱਜਲ-ਖੁਆਰੀ ਤੋਂ ਬਾਅਦ ਉਕਤ ਖਿਡਾਰੀ ਨੇ ਦੂਸਰੇ ਦਿਨ 16 ਘੰਟੇ ਬਾਅਦ ਸਿਵਲ ਹਸਪਤਾਲ ਬਿਲਗਾ ਵਿਖੇ ਐੱਮ.ਐੱਲ.ਆਰ. ਕਰਵਾਈ ਤੇ ਟਾਂਕੇ ਲਗਵਾਏ। ਪੀੜਤ ਖਿਡਾਰੀ ਨੇ ਖ਼ੁਲਾਸਾ ਕੀਤਾ ਕਿ ਉਸ ’ਤੇ ਸੁਪਾਰੀ ਲੈ ਕੇ ਜਾਨਲੇਵਾ ਹਮਲਾ ਕਰਵਾਇਆ ਗਿਆ ਹੈ, ਜਿਸ ਦੇ ਤਾਰ ਵਿਦੇਸ਼ਾਂ ਤੱਕ ਵੀ ਜੁੜੇ ਹੋਏ ਸਨ, ਜਦਕਿ ਹਮਲਾਵਰ ਨਾਲ ਉਸ ਦੀ ਕੋਈ ਰੰਜਿਸ਼ ਨਹੀਂ ਹੈ। ਹਾਲਾਂਕਿ ਹਮਲਾਵਰ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।