ਇੰਗਲੈਂਡ ਤੋਂ ਚੰਡੀਗੜ੍ਹ ਪਰਤੀ 23 ਸਾਲ ਦੀ ਲੜਕੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆਈ

722
Share

ਚੰਡੀਗੜ੍ਹ, 19 ਮਾਰਚ (ਪੰਜਾਬ ਮੇਲ)- 23 ਸਾਲ ਦੀ ਲੜਕੀ ਇੰਗਲੈਂਡ ਤੋਂ ਬੀਤੇ ਦਿਨ ਚੰਡੀਗੜ੍ਹ ਪਰਤੀ ਸੀ। ਉਸ ਨੂੰ ਸੋਮਵਾਰ ਨੂੰ ਖਾਂਸੀ, ਜ਼ੁਕਾਮ ਅਤੇ ਤੇਜ਼ ਬੁਖਾਰ ਦੀ ਸ਼ਿਕਾਇਤ ਹੋਣ ਲੱਗੀ। ਉਹ ਬੁਧਵਾਰ ਸਵੇਰੇ ਸੈਕਟਰ 32 ਦੇ ਹਸਪਤਾਲ ਪੁੱਜੀ। ਲੱਛਣ ਦੇਖ ਕੇ ਸੈਕਟਰ 32 ਹਸਪਤਾਲ ਦੇ ਡਾਕਟਰਾਂ ਨੇ ਉਸ ਦੇ ਸੈਂਪਲ ਲੈ ਕੇ ਪੀਜੀਆਈ ਵਿਚ ਜਾਂਚ ਦੇ ਲਈ ਭੇਜ ਦਿੱਤੇ। ਇਸ ਦੀ ਜਾਂਚ ਰਿਪੋਰਟ ਸੈਕਟਰ 32 ਦੇ ਹਸਪਤਾਲ ਨੂੰ ਮਿਲ ਗਈ। ਲੜਕੀ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਮਿਲਿਆ। ਇਸ ਤੋਂ ਬਾਅਦ ਸਿਹਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ। ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਿਚ ਭਾਜੜਾਂ ਪੈ ਗਈਆਂ। ਦੇਰ ਰਾਤ ਡਾਇਰੈਕਟਰ ਹੈਲਥ ਸਰਵਿਸਿਜ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ। ਲੜਕੀ ਦੀ ਮਾਂ ਵੀ ਨਾਲ ਸੀ। ਅਜਿਹੇ ਵਿਚ ਉਸ ਨੂੰ ਵੀ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾਵੇਗਾ।  ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ 22 ਸ਼ੱਕੀ ਮਰੀਜ਼ ਆ ਚੁੱਕੇ ਹਨ, ਇਨ੍ਹਾਂ ਦੀ ਰਿਪੋਰਟ ਨੈਗਟਿਵ ਪਾਈ ਗਈ।
ਮਲੇਰੀਆ ਡਿਪਾਰਟਮੈਂਟ ਦੇ ਅਸਿਸਟੈਂਟ ਡਾਇਰੈਕਟਰ ਉਪੇਂਦਰ ਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਪਾਜ਼ੀਟਿਵ ਆਉਣ ਤੋਂ ਬਾਅਦ ਲੜਕੀ ਜਿਸ ਸੈਕਟਰ ਵਿਚ ਰਹਿੰਦੀ ਹੈ, ਉਥੇ ਉਹ ਲੜਕੀ ਕਿਸ ਕਿਸ ਨੂੰ ਮਿਲੀ, ਉਨ੍ਹਾਂ ਦੇ ਵੀ ਸੈਂਪਲ ਲੈ ਕੇ ਜਾਂਚ ਕਰਵਾਈ ਜਾਵੇਗੀ। ਸੈਕਟਰ 21 ਵਿਚ ਉਸ ਦੇ ਘਰ ਦੇ ਨਾਲ ਲੱਗਦੇ ਲੋਕਾਂ ‘ਤੇ ਵੀ ਹੈਲਥ ਡਿਪਾਰਟਮੈਂਟ ਨਿਗਰਾਨੀ ਰੱਖੇਗਾ। ਜੇਕਰ ਜ਼ਰੂਰਤ ਪਈ ਤਾਂ ਉਨ੍ਹਾਂ ਦਾ ਵੀ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਜਾਵੇਗਾ।


Share