ਇਸ ਸਾਲ ਹਵਾਈ ਉਡਾਣਾਂ ਦੌਰਾਨ ਹਿੰਸਾ ’ਤੇ ਉਤਾਰੂ ਯਾਤਰੀਆਂ ਕੋਲੋਂ ਵਸੂਲਿਆ 2 ਲੱਖ ਡਾਲਰ ਤੋਂ ਵਧ ਜੁਰਮਾਨਾ : ਐੱਫ.ਏ.ਏ.

316
Share

ਸੈਕਰਾਮੈਂਟੋ, 12 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫੈਡਰੇਸ਼ਨ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਨੇ ਇਸ ਸਾਲ ਦੇ ਸ਼ੁਰੂ ਵਿਚ ਖੱਪ ਪਾਉਣ ਵਾਲੇ ਜਾਂ ਬਿਨਾਂ ਕਿਸੇ ਕਾਰਨ ਮਾਹੌਲ ਨੂੰ ਤਨਾਅਪੂਰਨ ਬਣਾਉਣ ਵਾਲੇ ਯਾਤਰੀਆਂ ਪ੍ਰਤੀ ਸਖਤ ਨੀਤੀ ਲਾਗੂ ਕਰਨ ਉਪਰੰਤ ਹੁਣ ਤੱਕ 2 ਲੱਖ ਡਾਲਰ ਤੋਂ ਵਧ ਜ਼ੁਰਮਾਨਾ ਵਸੂਲਿਆ ਹੈ। ਇਕ ਜਾਰੀ ਬਿਆਨ ’ਚ ਫੈਡਰੇਸ਼ਨ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਹਵਾਈ ਜਹਾਜ਼ ਦੀ ਉਡਾਣ ਦੌਰਾਨ ਬਿਨਾਂ ਕਿਸੇ ਕਾਰਨ ਮਾਹੌਲ ਨੂੰ ਖਰਾਬ ਕਰਨ ਵਾਲੇ ਯਾਤਰੀਆਂ ਕੋਲੋਂ 2,25,287 ਡਾਲਰ ਵਸੂਲੇ ਗਏ ਹਨ। ਅਧਿਕਾਰੀ ਅਨੁਸਾਰ ਹਿੰਸਾ ਕਰਨ ਵਾਲੇ ਯਾਤਰੀਆਂ ਵਿਰੁੱਧ ਬੇਹੱਦ ਸਖਤੀ ਵਰਤੀ ਜਾਵੇਗੀ। ਇਸ ਸਾਲ ਮਈ ’ਚ ਸਾਊਥ ਵੈਸਟ ਏਅਰਲਾਈਨਜ਼ ਦੀ ਇਕ ਉਡਾਣ ਦੌਰਾਨ ਇਕ ਯਾਤਰੀ ਨੇ ਇਕ ਮੁਲਾਜ਼ਮ ਦੇ ਮੁੱਕਾ ਮਾਰਿਆ ਸੀ, ਜਿਸ ਮੁਲਾਜ਼ਮ ਨੂੰ ਡਾਕਟਰੀ ਸਹਾਇਤਾ ਦੇਣੀ ਪਈ ਸੀ। ਇਸ ਘਟਨਾ ਨੂੰ ਐੱਫ.ਏ.ਏ. ਨੇ ਬਹੁਤ ਹੀ ਗੰਭੀਰਤਾ ਨਾਲ ਲਿਆ ਸੀ ਤੇ ਉਸ ਯਾਤਰੀ ਕੋਲੋਂ 26000 ਡਾਲਰ ਜ਼ੁਰਮਾਨਾ ਵਸੂਲਿਆ ਗਿਆ ਸੀ। ਐੱਫ.ਏ.ਏ. ਅਨੁਸਾਰ ਇਸ ਸਾਲ ਹੁਣ ਤੱਕ ਉਡਾਣਾਂ ਦੌਰਾਨ ਦੁਰਵਿਵਹਾਰ ਜਾਂ ਖੱਪ ਪਾਉਣ ਦੀਆਂ 5114 ਘਟਨਾਵਾਂ ਵਾਪਰੀਆਂ ਹਨ। ਇਨਾਂ ਵਿਚੋਂ 70% ਘਟਨਾਵਾਂ ਮਾਸਕ ਪਾਉਣ ਨੂੰ ਲੈ ਕੇ ਹੋਏ ਵਿਵਾਦ ਕਾਰਨ ਵਾਪਰੀਆਂ ਹਨ। ਪਿਛਲੇ ਹਫਤੇ ਐੱਫ.ਏ.ਏ. ਨੇ ਐਲਾਨ ਕੀਤਾ ਸੀ ਕਿ 37 ਜ਼ਿਆਦਾ ਗੰਭੀਰ ਮਾਮਲਿਆਂ ਨੂੰ ਸੰਘੀ ਵਕੀਲਾਂ ਦੇ ਸਪੁਰਦ ਕੀਤਾ ਗਿਆ ਹੈ। ਐੱਫ.ਏ.ਏ. ਤੇ ਨਿਆਂ ਵਿਭਾਗ ਨੇ ਜਾਰੀ ਇਕ ਬਿਆਨ ’ਚ ਕਿਹਾ ਹੈ ਕਿ ਉਹ ਹਿੰਸਕ ਯਾਤਰੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਪ੍ਰਤੀ ਦਿ੍ਰੜ੍ਹ ਸੰਕਲਪ ਹਨ।¿; ਇਹ ਐਲਾਨ ਏਅਰਲਾਈਨਜ਼ ਕਾਮਿਆਂ ਦੀਆਂ ਯੂਨੀਅਨਾਂ ਵੱਲੋਂ ਬਣਾਏ ਦਬਾਅ ਉਪਰੰਤ ਕੀਤਾ ਗਿਆ ਹੈ। ਯੂਨੀਅਨਾਂ ਨੇ ਮੰਗ ਕੀਤੀ ਹੈ ਕਿ ਵਪਾਰਕ ਉਡਾਣਾਂ ਦੌਰਾਨ ਹਿੰਸਾ ਕਰਨ ਵਾਲੇ ਯਾਤਰੀਆਂ ਪ੍ਰਤੀ ਸਖਤ ਨੀਤੀ ਅਪਣਾਈ ਜਾਵੇ। ਐੱਫ.ਏ.ਏ. ਨੇ ਹਿੰਸਾ ਦੇ ਪੁਖਤਾ ਸਬੂਤ ਵਾਲੇ ਕਈ ਮਾਮਲਿਆਂ ਨੂੰ ਐੱਫ.ਬੀ.ਆਈ. ਕੋਲ ਕਾਰਵਾਈ ਲਈ ਭੇਜੇ ਹਨ। ਇਥੇ ਜ਼ਿਕਰਯੋਗ ਹੈ ਕਿ ਐੱਫ.ਏ.ਏ. ਕੋਲ ਕਿਸੇ ਯਾਤਰੀ ਨੂੰ 37000 ਡਾਲਰ ਤੱਕ ਜ਼ੁਰਮਾਨਾ ਕਰਨ ਦਾ ਅਧਿਕਾਰ ਹੈ ਪਰ ਉਸ ਨੂੰ ਯਾਤਰੀ ਵਿਰੁੱਧ ਫੌਜਦਾਰੀ ਮਾਮਲਾ ਦਰਜ ਕਰਵਾਉਣ ਦਾ ਅਧਿਕਾਰ ਨਹੀਂ ਹੈ।

Share