ਇਸ ਸਾਲ ਸਿਰਫ 1000 ਮੁਸਲਿਮ ਸ਼ਰਧਾਲੂ ਹੀ ਕਰ ਸਕਣਗੇ ਹੱਜ ਯਾਤਰਾ

619
Share

ਦੁਬਈ, 22 ਜੁਲਾਈ (ਪੰਜਾਬ ਮੇਲ)- ਪੂਰੀ ਦੁਨੀਆਂ ‘ਚ ਮੁਸਲਿਮ ਭਾਈਚਾਰਾ ਹਰ ਸਾਲ ਹੱਜ ਲਈ ਵਿਸ਼ੇਸ਼ ਤਿਆਰੀਆਂ ਕਰਦਾ ਹੈ। ਪਰ ਕੋਰੋਨਾਵਾਇਰਸ ਕਾਰਨ ਇਸ ਵਾਰ ਸਥਿਤੀ ਬਦਲ ਗਈ ਹੈ। ਸਾਊਦੀ ਅਰਬ ‘ਚ ਇਸ ਸਾਲ ਸਿਰਫ 1000 ਮੁਸਲਿਮ ਸ਼ਰਧਾਲੂ ਹੀ ਹੱਜ ਕਰ ਪਾਉਣਗੇ। ਹੱਜ ਯਾਤਰਾ ਇਸ ਸਾਲ 29 ਜੁਲਾਈ ਤੋਂ ਸ਼ੁਰੂ ਹੋਵੇਗੀ। 1000 ਸ਼ਰਧਾਲੂਆਂ ‘ਚ ਸਾਊਦੀ ਅਰਬ ਤੋਂ ਬਾਹਰ ਦਾ ਕੋਈ ਨਹੀਂ ਹੋਵੇਗਾ। ਦੇਸ਼ ‘ਚ ਪਹਿਲਾਂ ਤੋਂ ਰਹਿ ਰਹੇ ਵਿਭਿੰਨ ਕੌਮੀਅਤਾਂ ਦੇ ਮੁਸਲਿਮਾਂ ਨੂੰ ਇਸ ਵਾਰ ਹੱਜ ਦੀ ਇਜਾਜ਼ਤ ਦਿੱਤੀ ਗਈ ਹੈ।
ਪਵਿੱਤਰ ਸ਼ਹਿਰ ਮੱਕਾ ‘ਚ ਹਰੇਕ ਸਾਲ ਇਨੀਂ ਦਿਨੀਂ ਕਰੀਬ 25 ਲੱਖ ਲੋਕ ਤੀਰਥ ਯਾਤਰਾ ਲਈ ਆਉਂਦੇ ਸਨ। ਇਸ ਸਾਲ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਨਿਯਮਾਂ ‘ਚ ਤਬਦੀਲੀ ਕੀਤੀ ਗਈ ਹੈ। ਨਵੇਂ ਨਿਯਮਾਂ ਦੇ ਮੁਤਾਬਕ 65 ਸਾਲ ਤੋਂ ਘੱਟ ਉਮਰ ਦੇ ਲੋਕ ਹੀ ਹੱਜ ਯਾਤਰਾ ‘ਤੇ ਜਾ ਸਕਣਗੇ ਅਤੇ ਉਨ੍ਹਾਂ ਨੂੰ ਕੋਈ ਵੀ ਗੰਭੀਰ ਬੀਮਾਰੀ ਨਹੀਂ ਹੋਣੀ ਚਾਹੀਦੀ। ਹੱਜ ਦਾ ਸਮਾਂ ਚੰਨ੍ਹ ਦਿਸਣ ਦੇ ਆਧਾਰ ‘ਤੇ ਨਿਰਧਾਰਿਤ ਕੀਤਾ ਜਾਵੇਗਾ। ਪਿਛਲੇ ਮਹੀਨੇ ਸਾਊਦੀ ਅਰਬ ਨੇ ਬਹੁਤ ਸੀਮਤ ਲੋਕਾਂ ਦੇ ਨਾਲ ਹੱਜ ਯਾਤਰਾ ਸ਼ੁਰੂ ਕਰਨ ਲਈ ਕਿਹਾ ਸੀ। ਨਿਊਜ਼ ਏਜੰਸੀ ਏ.ਪੀ. ਦੇ ਮੁਤਾਬਕ, ਹੋਰ ਗਲਫ ਰਾਜਾਂ ਵਿਚ ਸਭ ਤੋਂ ਵੱਧ ਮਾਮਲੇ ਸਾਊਦੀ ਅਰਬ ਵਿਚ ਸਾਹਮਣੇ ਆਏ ਹਨ।
ਸਾਊਦੀ ‘ਚ ਹੁਣ ਤੱਕ 2,53,349 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 2,523 ਲੋਕਾਂ ਦੀ ਮੌਤ ਹੋਈ ਹੈ। ਹੱਜ ਅਧਿਕਾਰੀਆਂ ਨੇ ਕਿਹਾ, ”ਇਸ ਵਾਰ ਸੀਮਤ 1000 ਸ਼ਰਧਾਲੀਆਂ ਨੂੰ ਹੱਜ ‘ਤੇ ਜਾਣ ਦੀ ਇਜਾਜ਼ਤ ਹੋਵੇਗੀ, ਉਹ ਵੀ ਜਿਹੜੇ ਪਹਿਲਾਂ ਤੋਂ ਹੀ ਸਾਊਦੀ ‘ਚ ਰਹਿ ਰਹੇ ਹਨ। ਇਨ੍ਹਾਂ ਵਿਚੋਂ 70 ਫੀਸਦੀ ਵਿਦੇਸ਼ੀ ਹਨ ਅਤੇ ਬਾਕੀ ਇੱਥੋਂ ਦੇ ਸਥਾਨਕ ਵਸਨੀਕ ਹਨ।” ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ 10 ਹਜ਼ਾਰ ਲੋਕਾਂ ਨੂੰ ਇਸ ਯਾਤਰਾ ‘ਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਸਕਦੀ ਹੈ।
ਕਮਾਂਡਰ ਜਾਯਦ ਅਲ ਤੁਵੇਲਾਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਜ਼ੁਰਮਾਨਾ ਅਤੇ ਜੇਲ੍ਹ ਦੀ ਵਿਵਸਥਾ ਹੈ। ਉੱਥੇ ਗੈਰ ਸਾਊਦੀਆਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਿਨਹੂਆ ਨਿਊਜ਼ ਦੇ ਮੁਤਾਬਕ ਹੱਜ ਸੁਰੱਖਿਆ ਬਲਾਂ ਦੇ ਕਮਾਂਡਰ ਜਾਯਦ ਅਲ ਤੁਵੇਲਾਨ ਨੇ ਐਤਵਾਰ ਨੂੰ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਇੱਥੇ ਪੂਰੀ ਤਿਆਰੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਇਸ ਸਾਲ 160 ਦੇਸ਼ਾਂ ਦੇ ਸ਼ਰਧਾਲੂ ਹੱਜ ਯਾਤਰਾ ‘ਚ ਸ਼ਾਮਲ ਹੋਣਗੇ।


Share