ਇਸ ਸਾਲ ਦੇ ਆਖਿਰ ਤੱਕ ਕੋਰੋਨਾਵਾਇਰਸ ਦਾ ਟੀਕਾ ਵਿਕਸਤ ਹੋਣ ਦੀ ਸੰਭਾਵਨਾ : ਟਰੰਪ

854
Share

ਕਿਹਾ; ਭਾਰਤ ਅਤੇ ਅਮਰੀਕਾ ਮਿਲ ਕੇ ਕੋਵਿਡ-19 ਦਾ ਟੀਕਾ ਵਿਕਸਤ ਕਰਨ ਵਿਚ ਲੱਗੇ

ਵਾਸ਼ਿੰਗਟਨ, 15 ਮਈ (ਪੰਜਾਬ ਮੇਲ)- ਭਾਰਤੀ-ਅਮਰੀਕੀਆਂ ਨੂੰ ਮਹਾਨ ਸਾਇੰਸਦਾਨ ਅਤੇ ਖੋਜਕਾਰ ਦੱਸਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਕੋਵਿਡ-19 ਦਾ ਟੀਕਾ ਵਿਕਸਤ ਕਰਨ ਵਿਚ ਲੱਗੇ ਹੋਏ ਹਨ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਾਲ ਦੇ ਆਖਿਰ ਤੱਕ ਕੋਵਿਡ-19 ਦਾ ਟੀਕਾ ਵਿਕਸਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੈਂ ਕੁਝ ਹੀ ਸਮੇਂ ਪਹਿਲਾਂ ਭਾਰਤ ਤੋਂ ਪਰਤਿਆ ਹਾਂ ਅਤੇ ਅਸੀਂ ਭਾਰਤ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਮਰੀਕਾ ਵਿਚ ਭਾਰਤੀ ਬਹੁਤ ਵੱਡੀ ਗਿਣਤੀ ਵਿਚ ਹਨ ਅਤੇ ਤੁਸੀਂ ਜਿਨਾਂ ਲੋਕਾਂ ਬਾਰੇ ਗੱਲ ਕਰ ਰਹੇ ਹੋ, ਉਨਾਂ ਵਿਚੋਂ ਕਈ ਲੋਕ ਟੀਕਾ ਵਿਕਸਤ ਕਰਨ ਵਿਚ ਲੱਗੇ ਹੋਏ ਹਨ। ਬਿਹਤਰੀਨ ਸਾਇੰਸਦਾਨ ਅਤੇ ਖੋਜਕਾਰ।

ਗੱਲਬਾਤ ਕਰਨ ਤੋਂ ਬਾਅਦ ਟਰੰਪ ਨੇ ਇਕ ਟਵੀਟ ਕਰਕੇ ਆਖਿਆ ਕਿ ਉਨ੍ਹਾਂ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਹ ਭਾਰਤ ਨੂੰ ਵੈਂਟੀਲੇਟਰ ਦਾਨ ਕਰਨ ਵਾਲੇ ਹਨ। ਅਸੀਂ ਇਸ ਮਹਾਮਾਰੀ ਦੇ ਦੌਰ ਵਿਚ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜ੍ਹੇ ਹਾਂ। ਅਸੀਂ ਕੋਰੋਨਾ ਦੀ ਵੈਕਸੀਨ ਬਣਾਉਣ ਵਿਚ ਇਕੱਠੇ ਕੰਮ ਕਰ ਰਹੇ ਹਾਂ। ਅਸੀਂ ਮਿਲ ਕੇ ਆਪਣੇ ਦੁਸ਼ਮਣ ਨੂੰ ਹਰਾਵਾਂਗੇ। ਉਥੇ ਹੀ ਸ਼ੁੱਕਰਵਾਰ ਨੂੰ ਟਰੰਪ ਨੇ ਉਮੀਦ ਜਤਾਈ ਕਿ ਇਸ ਸਾਲ ਦੇ ਆਖਿਰ ਵਿਚ ਜਾਂ ਉਸ ਤੋਂ ਕੁਝ ਸਮੇਂ ਬਾਅਦ ਕੋਰੋਨਾਵਾਇਰਸ ਦਾ ਟੀਕਾ ਬਜ਼ਾਰ ਵਿਚ ਉਪਲੱਬਧ ਹੋ ਸਕਦਾ ਹੈ।


Share