ਇਸਲਾਮਾਬਾਦ ਹਾਈਕੋਰਟ ਵੱਲੋਂ ਜਾਧਵ ਵਾਸਤੇ ਵਕੀਲ ਨਿਯੁਕਤ ਕਰਨ ਲਈ ਭਾਰਤ ਨੂੰ ਇੱਕ ਹੋਰ ਮੌਕਾ ਦੇਣ ਦੇ ਸੰਘੀ ਸਰਕਾਰ ਨੂੰ ਨਿਰਦੇਸ਼

580
Share

ਇਸਲਾਮਾਬਾਦ, 4 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਦੀ ਸੰਘੀ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਉਹ ਮੌਤ ਦੀ ਸਜ਼ਾਯਾਫ਼ਤਾ ਕੈਦੀ ਕੁਲਭੂਸ਼ਣ ਜਾਧਵ ਵਾਸਤੇ ਵਕੀਲ ਨਿਯੁਕਤ ਲਈ ਭਾਰਤ ਨੂੰ ਇੱਕ ਹੋਰ ਮੌਕਾ ਦੇਵੇ। ਇਸਲਾਮਾਬਾਦ ਹਾਈ ਕੋਰਟ ਨੇ ਜਾਧਵ ਨੂੰ ਪਾਕਿਸਤਾਨ ਦੀ ਫ਼ੌਜੀ ਅਦਾਲਤ ਵੱਲੋਂ ਸੁਣਾਈ ਗਈ ਮੌਤ ਦੀ ਸਜ਼ਾ ‘ਤੇ ਨਜ਼ਰਸਾਨੀ ਲਈ ਵਕੀਲ ਨਿਯੁਕਤ ਕਰਨ ਲਈ ਕਿਹਾ ਹੈ। ਅਟਾਰਨੀ ਜਨਰਲ ਖਾਲਿਦ ਜਾਵੇਦ ਖ਼ਾਨ ਨੇ ਅਦਾਲਤ ਨੂੰ ਦੱਸਿਆ ਕਿ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਵੱਲੋਂ ਭਾਰਤ ਨੂੰ ਸਫ਼ਾਰਤੀ ਰਸਾਈ ਦੇਣ ਦੇ ਹੁਕਮਾਂ ‘ਤੇ ਪਾਕਿਸਤਾਨ ਨੇ ਜਾਧਵ ਲਈ ਵਕੀਲ ਨਿਯੁਕਤ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਦਾ ਭਾਰਤ ਨੇ ਕੋਈ ਜਵਾਬ ਨਹੀਂ ਦਿੱਤਾ। ਇਸਲਾਮਾਬਾਦ ਹਾਈ ਕੋਰਟ ਨੇ ਦਲੀਲਾਂ ਸੁਣਨ ਮਗਰੋਂ ਸਰਕਾਰ ਨੂੰ ਹੁਕਮ ਦਿੱਤਾ ਕਿ ਜਾਧਵ ਨੂੰ ਵਕੀਲ ਮੁਹੱਈਆ ਕਰਵਾਊਣ ਸਬੰਧੀ ਹੁਕਮ ਭਾਰਤ ਨੂੰ ਪਹੁੰਚਾਏ ਜਾਣ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 3 ਅਕਤੂਬਰ ‘ਤੇ ਪਾ ਦਿੱਤੀ ਹੈ।


Share