ਇਲਨਾਇਸ ਵਿਚ ਇਕ ਘਰ ਨੂੰ ਲੱਗੀ ਭਿਆਨਕ ਅੱਗ ਵਿੱਚ 5 ਬੱਚਿਆਂ ਦੀ ਮੌਤ

341
ਇਮਾਰਤ ਦਾ ਬਾਹਰੀ ਦ੍ਰਿਸ਼ ਜਿਥੇ ਲੱਗੀ ਭਿਆਨਕ ਅੱਗ ਵਿਚ 5 ਬੱਚਿਆਂ ਦੀ ਮੌਤ ਹੋਈ
Share

ਸੈਕਰਾਮੈਂਟੋ, 7 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇਲਨਾਇਸ ਰਾਜ ਵਿਚ ਪੂਰਬੀ ਸਟਰੀਟ ਲੋਇਸ ਵਿਖੇ ਇਕ ਘਰ ਨੂੰ ਲੱਗੀ ਭਿਆਨਕ ਅੱਗ ਵਿਚ 5 ਬੱਚੇ ਸੜਕੇ ਮਰ ਗਏ। ਇਨਾਂ ਬੱਚਿਆਂ ਦੀ ਉਮਰ 2 ਤੋਂ 9 ਸਾਲ ਦੇ ਦਰਮਿਆਨ ਸੀ। ਅੱਗ ਬੁਝਾਊ ਵਿਭਾਗ ਦੇ ਮੁੱਖੀ ਜੈਸਨ ਬਲੈਕਮਨ ਨੇ ਬੱਚਿਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅੱਗ ਲੰਘੇ ਦਿਨ ਤੜਕਸਾਰ 3 ਵਜੇ 29 ਵੀਂ ਸਟੇਟ ਸਟਰੀਟ ਵਿਖੇ ਇਕ ਇਮਾਰਤ  ਨੂੰ ਲੱਗੀ। ਉਨਾਂ ਦਸਿਆ ਕਿ ਅੱਗ ਬੁਝਾਊ ਅਮਲਾ 3 ਬੱਚਿਆਂ ਨੂੰ ਬਚਾਉਣ ਵਿਚ ਸਫਲ ਰਿਹਾ। ਦੋ ਬੱਚੇ ਕਮਰੇ ਦੇ ਅੰਦਰ ਹੀ ਸੜ ਕੇ ਮਰ ਗਏ ਜਦ ਕਿ ਦੋ ਬੱਚੇ ਐਂਬੂਲੈਂਸ ਵਿਚ ਦਮ ਤੋੜ ਗਏ। ਪੰਜਵਾਂ ਬੱਚਾ ਹਸਪਤਾਲ ਨੂੰ ਲੈਜਾਂਦਿਆਂ ਰਸਤੇ ਵਿਚ ਦਮ ਤੋੜ ਗਿਆ। ਬਲੈਕਮਨ ਨੇ ਦਸਿਆ ਕਿ ਇਸ  ਇਮਾਰਤ ਵਿਚ ਬਹੁਤ ਸਾਰੇ ਪਰਿਵਾਰ ਰਹਿੰਦੇ ਹਨ ਪਰੰਤੂ ਮਾਰੇ ਗਏ ਬੱਚੇ ਇਕ ਹੀ ਪਰਿਵਾਰ ਦੇ ਸਨ। ਸਹਾਇਕ ਮੁੱਖੀ ਜਾਰਜ ਮੈਕਲੀਲਾਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬੱਚਿਆਂ ਦੀ ਮਾਂ ਕਿਸੇ ਨੂੰ ਲੈਣ ਲਈ ਘਰੋਂ ਬਾਹਰ ਗਈ ਹੋਈ ਸੀ ਜਦੋਂ ਉਹ ਵਾਪਿਸ ਆਈ ਤਾਂ ਉਸ ਨੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਏਨੀ ਭਿਆਨਕ ਸੀ ਕਿ ਉਹ ਕੁਝ ਨਾ ਕਰ ਸਕੀ। ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚੇ ਸਾਰੇ ਨਿਰਦੋਸ਼ ਸਨ, ਉਨਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਅੱਗ ਲੱਗਣ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Share