ਇਰਾਨ ਵਿਚਲੇ ਕੈਨੇਡੀਅਨਾਂ ਨੇ ਮਦਦ ਲਈ ਕੀਤੀ ਅਪੀਲ

949

ਤਹਿਰਾਨ, 28 ਫਰਵਰੀ (ਪੰਜਾਬ ਮੇਲ)-ਇਰਾਨ ਵਿਚਲੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਹੁਣ ਇਥੋਂ ਤੱਕ ਫੈਲ ਚੁੱਕਿਆ ਹੈ ਅਤੇ ਉਨ੍ਹਾਂ ਕੋਲ ਕਿਤੇ ਹੋਰ ਜਾਣ ਲਈ ਥਾਂ ਨਹੀਂ ਹੈ। ਉਨ੍ਹਾਂ ਓਟਵਾ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕੈਨੇਡਾ ਸੱਦਣ ਦਾ ਉਪਰਾਲਾ ਕੀਤਾ ਜਾਵੇ। ਜੇ ਅਜਿਹਾ ਨਹੀਂ ਹੋ ਸਕਦਾ ਤਾਂ ਘੱਟੋ-ਘੱਟ ਉਨ੍ਹਾਂ ਨੂੰ ਕਾਊਂਸਲਰ ਸੇਵਾਵਾਂ ਹੀ ਮੁਹੱਈਆ ਕਰਵਾਈਆਂ ਜਾਣ।
ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਵਿਚੋਂ 500 ਕੈਨੇਡੀਅਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਸੱਦ ਚੁੱਕੀ ਹੈ। ਇਨ੍ਹਾਂ ਇਲਾਕਿਆਂ ਵਿਚ ਵੁਹਾਨ ਵੀ ਸ਼ਾਮਲ ਹੈ, ਇਸ ਸ਼ਹਿਰ ਤੋਂ ਹੀ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਇਲਾਵਾ ਜਾਪਾਨ ਦੇ ਤੱਟ ਉੱਤੇ ਖੜ੍ਹੇ ਡਾਇਮੰਡ ਪ੍ਰਿੰਸਸ ਬੇੜੇ ਵਿਚੋਂ ਵੀ ਕੈਨੇਡੀਅਨਾਂ ਨੂੰ ਵਾਪਸ ਲਿਆਂਦਾ ਜਾ ਚੁੱਕਿਆ ਹੈ। ਇਹ ਵਾਇਰਸ ਪਿੱਛੇ ਜਿਹੇ ਹੀ ਇਰਾਨ ਤੱਕ ਪਹੁੰਚ ਗਿਆ ਹੈ। ਇਰਾਨ ਵਿਚ ਕੋਰੋਨਾਵਾਇਰਸ ਦੇ 95 ਕੇਸਾਂ ਦੀ ਪੁਸ਼ਟੀ ਹੋਈ ਹੈ। ਇਕੱਲੇ ਪਿਛਲੇ ਹਫਤੇ ਹੀ 16 ਮੌਤਾਂ ਵੀ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਥੋਂ ਤੱਕ ਕਿ ਇਰਾਨ ਦੇ ਡਿਪਟੀ ਸਿਹਤ ਮੰਤਰੀ ਦਾ ਟੈਸਟ ਵੀ ਵਾਇਰਸ ਦੇ ਸਬੰਧ ਵਿਚ ਪਾਜ਼ੀਟਿਵ ਆਇਆ ਹੈ।