ਇਰਾਨ ਦੇ ਰੈਵੂਲੂਸ਼ਨਰੀ ਗਾਰਡ ਦੇ ਉੱਚ ਕਮਾਂਡਰ ਵੱਲੋਂ ਅਮਰੀਕਾ ਨੂੰ ਚਿਤਾਵਨੀ!

197
Share

ਤਹਿਰਾਨ, 1 ਜਨਵਰੀ (ਪੰਜਾਬ ਮੇਲ)- ਇਰਾਨ ਦੇ ਅਰਧਸੈਨਿਕ ਬਲ ‘ਰੈਵੂਲੂਸ਼ਨਰੀ ਗਾਰਡ’ ਦੇ ਉੱਚ ਕਮਾਂਡਰ ਜਨਰਲ ਹੁਸੈਨ ਸਲਾਮੀ ਨੇ ਸ਼ੁੱਕਰਵਾਰ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਕਿਸੇ ਵੀ ਦਬਾਅ ਦੇ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਲਾਮੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੇ ਆਖਰੀ ਦਿਨਾਂ ਦੌਰਾਨ ਇਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਦੌਰਾਨ ਆਇਆ ਹੈ। ਜਨਰਲ ਹੁਸੈਨ ਸਲਾਮੀ ਤਹਿਰਾਨ ਯੂਨੀਵਰਸਿਟੀ ’ਚ ਰੈਵੂਲੂਸ਼ਨਰੀ ਗਾਰਡ ਦੇ ਸਾਬਕਾ ਜਨਰਲ ਕਾਸਿਮ ਸੁਲੇਮਾਨੀ ਦੀ ਯਾਦ ’ਚ ਕਰਵਾਏ ਗਏ ਸਮਾਗਮ ’ਚ ਬੋਲ ਰਹੇ ਸਨ। ਸਲਾਮੀ ਨੇ ਅਮਰੀਕਾ ਦਾ ਨਾਂਅ ਲਏ ਬਗ਼ੈਰ ਕਿਹਾ, ‘ਅੱਜ ਸਾਨੂੰ ਕਿਸੇ ਵੀ ਸ਼ਕਤੀ ਦਾ ਸਾਹਮਣਾ ਕਰਨ ’ਚ ਕੋਈ ਸਮੱਸਿਆ, ਚਿੰਤਾ ਜਾਂ ਸ਼ੱਕ ਨਹੀਂ ਹੈ। ਅਸੀਂ ਆਪਣੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ’ਚ ਆਖਰੀ ਜਵਾਬ ਦੇ ਸਕਦੇ ਹਾਂ।’ ਸਮਾਗਮ ਦੌਰਾਨ ਬਿ੍ਰਗੇਡੀਅਰ ਜਨਰਲ ਇਸਮਾਇਲ ਗਨੀ ਨੇ ਅਮਰੀਕਾ ਦਾ ਨਾਂਅ ਲਏ ਬਿਨਾਂ ਕਿਹਾ ਕਿ ‘ਸ਼ਕਤੀਆਂ’ ਦਾ ਦੁਬਾਰਾ ਸਾਹਮਣਾ ਕਰਨ ਨੂੰ ਲੈ ਕੇ ਇਰਾਨ ਨੂੰ ਕੋਈ ਡਰ ਨਹੀਂ ਹੈ। ਇਰਾਨ ਦੀ ਨਿਆਂਪਾਲਿਕਾ ਦੇ ਮੁਖੀ ਇਬਰਾਹਿਮ ਰਾਇਸੀ ਨੇ ਕਿਹਾ ਕਿ ਸੁਲੇਮਾਨੀ ਦੇ ਹੱਤਿਆ ’ਚ ਜਿਹੜੇ ਲੋਕਾਂ ਦੀ ਭੂਮਿਕਾ ਸੀ, ਉਹ ‘ਕਾਨੂੰਨ ਅਤੇ ਨਿਆਂ’ ਤੋਂ ਬਚ ਨਹੀਂ ਸਕਣਗੇ, ਚਾਹੇ ਉਹ ਅਮਰੀਕਾ ਦੇ ਰਾਸ਼ਟਰਪਤੀ ਹੀ ਕਿਉਂ ਨਾ ਹੋਣ। ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ਼ ਨੇ ਕਿਹਾ ਖੇਤਰ ’ਚ ਕਿਸੇ ਵੀ ਸੰਭਾਵਿਤ ‘ਗਲਤ ਕਾਰਵਾਈ’ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਅਮਰੀਕਾ ਦੀ ਹੋਵੇਗੀ।

Share