ਇਰਾਕ ’ਚ ‘ਜੰਗ ਮਿਸ਼ਨ’ ਇਸ ਸਾਲ ਦੇ ਆਖਿਰ ’ਚ ਖਤਮ ਕਰ ਦੇਵਾਂਗੇ : ਬਾਇਡਨ

229
Share

ਵਾਸ਼ਿੰਗਟਨ, 27 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਫਗਾਨਿਸਤਾਨ ਤੋਂ ਬਾਅਦ ਅਮਰੀਕਾ ਨੇ ਇਰਾਕ ’ਚੋਂ ਵੀ ਆਪਣੇ ਆਪ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਧੀਮੀ ਨਾਲ ਮੀਟਿੰਗ ਉਪਰੰਤ ਐਲਾਨ ਕੀਤਾ ਕਿ ਇਸ ਸਾਲ ਦੇ ਅੰਤ ਤੱਕ ਇਰਾਕ ’ਚ ਅਮਰੀਕਾ ਦਾ ‘ਜੰਗੀ ਮਿਸ਼ਨ’ ਖਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਵਾਈਟ ਹਾਊਸ ’ਚ ਪੁੱਜਣ ’ਤੇ ਰਾਸ਼ਟਰਪਤੀ ਨੇ ਇਰਾਕ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਓਵਾਲ ਦਫਤਰ ’ਚ ਆਪਣੇ ਸੰਬੋਧਨ ’ਚ ਬਾਇਡਨ ਨੇ ਕਿਹਾ ਕਿ ਅਮਰੀਕੀ ਫੌਜ ਇਰਾਕੀ ਫੌਜੀਆਂ ਨੂੰ ਸਿਖਲਾਈ ਦੇਣਾ ਜਾਰੀ ਰੱਖੇਗੀ ਤੇ ਇਸਲਾਮਿਕ ਸਟੇਟ ਨਾਲ ਲੜਾਈ ਵਿਚ ਇਰਾਕ ਨਾਲ ਸਹਿਯੋਗ ਜਾਰੀ ਰਹੇਗਾ। ਇਸ ਵੇਲੇ ਇਰਾਕ ’ਚ ਅਮਰੀਕਾ ਦੇ 2500 ਦੇ ਕਰੀਬ ਫੌਜੀ ਹਨ। ਅਲ-ਕਾਧਿਮੀ ਨੇ ਵੀ ਸਪੱਸ਼ਟ ਕੀਤਾ ਹੈ ਕਿ ਇਰਾਕ ਵਿਚ ਕਿਸੇ ਵੀ ਵਿਦੇਸ਼ੀ ਫੋਰਸ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਰਾਕ ਦੀਆਂ ਸੁਰੱਖਿਆ ਫੋਰਸਾਂ ਤੇ ਫੌਜ ਅਮਰੀਕਾ ਦੀ ਅਗਵਾਈ ਵਾਲੀ ਸਾਂਝੀ ਫੌਜ ਦੀ ਮਦਦ ਤੋਂ ਬਿਨਾਂ ਦੇਸ਼ ਦੀ ਰੱਖਿਆ ਕਰਨ ਦੇ ਸਮਰਥ ਹਨ। ਓਵਾਲ ਦਫਤਰ ’ਚ ਬਾਇਡਨ ਨਾਲ ਹੋਈ ਮੀਟਿੰਗ ਦੌਰਾਨ ਅਲ-ਕਾਧਿਮੀ ਨੇ ਕਿਹਾ ਕਿ ‘‘ਮੈਂ ਇਰਾਕ ਦੇ ਲੋਕਾਂ ਦੀ ਤਰਫੋਂ ਅਮਰੀਕਨ ਲੋਕਾਂ ਦਾ ਧੰਨਵਾਦ ਕਰਦਾ ਹਾਂ। ਅੱਜ ਸਾਡਾ ਦੇਸ਼ ਜਿੰਨਾ ਮਜ਼ਬੂਤ ਹੈ, ਓਨਾ ਪਹਿਲਾਂ ਕਦੇ ਵੀ ਨਹੀਂ ਸੀ।’’ ਇਸ ਉਪਰੰਤ ਵਾਈਟ ਹਾਊਸ ਵਿਖੇ ਗੱਲਬਾਤ ਕਰਦਿਆਂ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਇਹ ਦੱਸਣ ਤੋਂ ਨਾਂਹ ਕਰ ਦਿੱਤੀ ਕਿ ਇਸ ਸਾਲ ਦੇ ਅੰਤ ਵਿਚ ਇਰਾਕ ਵਿਚ ਕਿੰਨੇ ਅਮਰੀਕੀ ਫੌਜੀ ਟਿਕੇ ਰਹਿਣਗੇ।

Share