ਇਰਾਕ ‘ਚ ਅਮਰੀਕਾ ਘਟਾਏਗਾ ਫ਼ੌਜੀਆਂ ਦੀ ਗਿਣਤੀ

806

ਵਾਸ਼ਿੰਗਟਨ, 10 ਸਤੰਬਰ (ਪੰਜਾਬ ਮੇਲ)- ਅਮਰੀਕਾ ਇਸ ਮਹੀਨੇ ਇਰਾਕ ਵਿੱਚ ਆਪਣੇ ਫ਼ੌਜੀਆਂ ਦੀ ਗਿਣਤੀ 5200 ਤੋਂ ਘਟਾ ਕੇ 3 ਹਜ਼ਾਰ ਕਰੇਗਾ। ਮੱਧ ਪੂਰਬ ਮਾਮਲਿਆਂ ਦੇ ਅਧਿਕਾਰੀ ਉਚ ਕਮਾਂਡਰ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੀ ਮੱਧ ਕਮਾਨ ਦੇ ਕਮਾਂਡਰ ਮਰੀਨ ਜਨਰਲ ਫਰੈਂਕ ਮੈਕੇਂਜੀ ਨੇ ਇਰਾਕ ਦੌਰੇ ਦੌਰਾਨ ਕਿਹਾ ਕਿ ਇਰਾਕ ਵਿੱਚ ਫ਼ੌਜੀਆਂ ਦੀ ਗਿਣਤੀ ਘੱਟ ਕਰਨਾ ਅਮਰੀਕਾ ਦੇ ਭਰੋਸੇ ਨੂੰ ਦਰਸਾਉਂਦਾ ਹੈ। ਹੁਣ ਅਮਰੀਕਾ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਉਸ ਵੱਲੋਂ ਇਰਾਕ ਦੇ ਜਿਹੜੇ ਸੁਰੱਖਿਆ ਦਸਤਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ, ਉਹ ਇਸਲਾਮਿਕ ਸਟੇਟ ਸਮੂਹ ਦੇ ਅੱਤਵਾਦੀ ਖ਼ਤਰੇ ਨਾਲ ਨਜਿੱਠਣ ਵਿੱਚ ਸਮਰੱਥ ਹਨ।
ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਉਜਾਗਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਅਫ਼ਗਾਨਿਸਤਾਨ ‘ਚੋਂ ਵੀ ਹੋਰ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਐਲਾਨ ਅਜਿਹੇ ਸਮੇਂ ਕੀਤੇ ਜਾ ਰਹੇ ਹਨ, ਜਦੋਂ ਟਰੰਪ ਨੇ ਦੂਜੀ ਵਾਰ ਦੇਸ਼ ਦਾ ਰਾਸ਼ਟਰਪਤੀ ਬਣਨ ਦੀ ਆਪਣੀ ਉਮੀਦਵਾਰੀ ਪੇਸ਼ ਕੀਤੀ ਹੈ ਅਤੇ ਉਹ ਇਹ ਦਿਖਾਉਣ ਦਾ ਯਤਨ ਕਰ ਰਿਹਾ ਹੈ ਕਿ ਉਸ ਨੇ ਬੀਤੇ 4 ਸਾਲ ਦੇ ਕਾਰਜਕਾਲ ਵਿੱਚ ਆਪਣੇ ਵਾਅਦੇ ਪੂਰੇ ਕੀਤੇ ਹਨ।