ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ’ਚ ਮਾਨਵੀ ਹੱਕਾਂ ਦੀ ਉਲੰਘਣਾ ਵਿਰੁੱਧ ਭੁੱਖ ਹੜਤਾਲ

421
Share

ਸੈਕਰਾਮੈਂਟੋ, 30 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚਲੇ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ’ਚ ਧੱਕੇ ਨਾਲ ਖੁਆਉਣ-ਪਿਆਉਣ ਤੇ ਮਾਨਵੀ ਹੱਕਾਂ ਦੀ ਉਲੰਘਣਾ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਗਈ ਹੈ। ਇਹ ਖੁਲਾਸਾ ਮਾਨਵੀ ਹੱਕਾਂ ਬਾਰੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਐਂਡ ਫਿਜ਼ੀਸ਼ੀਅਨ ਵਲੋਂ ਜਾਰੀ ਇਕ ਰਿਪੋਰਟ ਵਿਚ ਕੀਤਾ ਗਿਆ ਹੈ। ਸੂਚਨਾ ਲੈਣ ਦੀ ਆਜ਼ਾਦੀ ਦੇ ਅਧਿਕਾਰ ਤਹਿਤ ਲਈ ਗਈ ਇਹ ਰਿਪੋਰਟ 10000 ਸਫਿਆਂ ਉਪਰ ਆਧਾਰਿਤ ਹੈ। ਰਿਪੋਰਟ ਅਨੁਸਾਰ ਧੱਕੇ ਨਾਲ ਨਾਸਾਂ ਰਾਹੀਂ ਤਰਲ ਦੇਣ ਤੇ ਜ਼ਬਰਦਸਤੀ ਖੁਆਉਣ-ਪਿਆਉਣ ਨਾਲ ਘੱਟੋ-ਘੱਟ 3 ਵਿਅਕਤੀ ਮਾਰੇ ਜਾ ਚੁੱਕੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ‘‘ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ’ਚ ਭੁੱਖ ਹੜਤਾਲ ਰੱਖੇ ਜਾਣ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਹਿਰਾਸਤ ’ਚ ਰੱਖੇ ਵਿਅਕਤੀ ਵੱਲੋਂ ਖਾਣ-ਪੀਣ ਤੋਂ ਇਨਕਾਰ ਕਰਨਾ ਉਸ ਲਈ ਆਪਣੀ ਸ਼ਿਕਾਇਤ ਦਰਜ ਕਰਵਾਉਣ ਦਾ ਆਖਰੀ ਰਾਹ ਹੀ ਬੱਚਦਾ ਹੈ। ਉਹ ਇਹ ਕਦਮ ਉਸ ਸਮੇਂ ਚੁੱਕਦਾ ਹੈ, ਜਦੋਂ ਉਸ ਦੀ ਸੁਣਵਾਈ ਲਈ ਸਾਰੇ ਰਾਹ ਬੰਦ ਹੋ ਜਾਂਦੇ ਹਨ।’’ ਰਿਪੋਰਟ ਅਨੁਸਾਰ ‘‘ਲੋਕਾਂ ਨੂੰ ਆਪਣੇ ਮਾਮਲਿਆਂ ਦੇ ਨਿਰਣੇ ਦੀ ਉਡੀਕ ਵਿਚ ਕਈ ਮਹੀਨੇ ਜਾਂ ਸਾਲਾਂਬੱਧੀ ਸਲਾਖਾਂ ਪਿੱਛੇ ਬਿਤਾਉਣੇ ਪੈਂਦੇ ਹਨ। ਉਹ ਗਲਤ ਵਿਵਹਾਰ ਦੇ ਸਿਸਟਮ ਵਿਚ ਫੱਸ ਕੇ ਰਹਿ ਜਾਂਦੇ ਹਨ, ਜਿਥੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਨਹੀਂ ਦਿੱਤੀ ਜਾਂਦੀ ਤੇ ਲੋੜੀਂਦੀ ਪ੍ਰਕ੍ਰਿਆ ਤੋਂ ਵੀ ਨਾਂਹ ਕਰ ਦਿੱਤੀ ਜਾਂਦੀ ਹੈ। ਇਸ ਲਈ ਹਰ ਸਾਲ ਸੈਂਕੜੇ ਪ੍ਰਵਾਸੀ ਇਨ੍ਹਾਂ ਹਿਰਾਸਤੀ ਕੇਂਦਰਾਂ ’ਚ ਹੜਤਾਲ ਕਰਦੇ ਹਨ।’’ ਇਥੇ ਜ਼ਿਕਰਯੋਗ ਹੈ ਕਿ ਭਾਰਤ ਖਾਸ ਕਰਕੇ ਪੰਜਾਬ ਦੇ ਵੀ ਅਨੇਕਾਂ ਵਿਅਕਤੀਆਂ ਨੂੰ ਇਨ੍ਹਾਂ ਹਿਰਾਸਤੀ ਕੇਂਦਰਾਂ ’ਚ ਰੱਖਿਆ ਗਿਆ ਹੈ, ਜਿੱਥੇ ਉਹ ਅਕਸਰ ਆਪਣੇ ਨਾਲ ਹੁੰਦੀਆਂ ਵਧੀਕੀਆਂ ਵਿਰੁੱਧ ਆਵਾਜ਼ ਉਠਾਉਂਦੇ ਰਹਿੰਦੇ ਹਨ।


Share