ਇਮੀਗ੍ਰੇਸ਼ਨ ਨਿਊਜ਼ੀਲੈਂਡ ਵਿਤੀ ਸੰਕਟ ਨਾਲ ਜੂਝ ਰਹੇ ਵਿਦੇਸ਼ੀ ਲੋਕਾਂ ਦੀ ਵਤਨ ਵਾਪਿਸੀ ਵਿਚ ਕਰੇਗੀ ਸਹਾਇਤਾ

815

ਸਹਾਇਤਾ:…ਜੇ ਲਗਦੀ ਔਖੀ ਵਤਨ ਵਾਪਿਸੀ
-ਦੇਸ਼ ਨਿਕਾਲੇ ਵਾਲਾ ਅਣਖਰਚਿਆ ਪੈਸਾ ਜਾਵੇਗਾ ਵਰਤਿਆ
– ਅਗਲੀ ਵਾਰ ਵੀਜ਼ਾ ਲੈਣ ਵੇਲੇ ਲਏ ਜਾਣਗੇ ਵਾਪਿਸ
ਔਕਲੈਂਡ, 11 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਇਮੀਗ੍ਰੇਸ਼ਨ ਨਿਊਜ਼ੀਲੈਂਡ ਹੁਣ ਉਨ੍ਹਾਂ ਵਿਦੇਸ਼ੀ ਲੋਕਾਂ ਦੀ ਸਹਾਇਤਾ ਵਾਸਤੇ ਅੱਗੇ ਆ ਰਹੀ ਹੈ ਜਿਹੜੇ ਲੋਕ ਇਥੇ ਆਏ ਹੋਏ ਸਨ ਪਰ ਕੋਵਿਡ-19 ਕਰਕੇ ਇਥੇ ਹੀ ਅਟਕ ਕੇ ਰਹਿ ਗਏ ਅਤੇ ਵਾਪਿਸ ਜਾਣ ਤੋਂ ਅਸਮਰਥ ਹੋ ਗਏ।  ਪੈਸਾ ਖਰਚਿਆ ਗਿਆ ਅਤੇ ਆਰਥਿਕ ਸੰਕਟ ਦੇ ਵਿਚ ਘਿਰ ਗਏ। ਸਰਕਾਰ ਹੁਣ ਉਹ ਪੈਸਾ ਇਨ੍ਹਾਂ ਲੋਕਾਂ ਦੀ ਵਤਨ ਵਾਪਿਸੀ ਵਾਸਤੇ ਵਰਤੇਗੀ ਜਿਹੜਾ ਪੈਸਾ ਦੇਸ਼ ਨਿਕਾਲੇ ਵਾਲੇ ਲੋਕਾਂ ਦਾ ਅਣਖਰਚਿਆ ਪਿਆ ਹੋਇਆ ਸੀ। ਵਿੱਤੀ ਸੰਕਟ ਨਾਲ ਜੂਝ ਰਹੇ ਲੋਕਾਂ ਲਈ ਇਹ ਸਹਾਇਤਾ ਸਹੀ ਸਮੇਂ ਕੀਤੀ ਗਈ ਯੋਗ ਵਰਤੋਂ ਹੋਵੇਗੀ। ਇਹ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਪਰਖਿਆ ਜਾਵੇਗਾ ਕਿ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰ ਰਿਹਾ ਚਾਹੇ ਉਸਦੇ ਦੇਸ਼ ਦੀ ਸਰਕਾਰ ਹੋਵੇ ਜਾਂ ਉਸਦੇ ਦੇਸ਼ ਦਾ ਹਾਈ ਕਮਿਸ਼ਨ ਹੋਵੇ। ਅੰਦਰੂਨੀ ਮਾਮਲਿਆਂ ਦਾ ਵਿਭਾਗ ਅਜਿਹੇ ਲੋਕਾਂ ਦੀ ਨਿਸ਼ਾਨਦੇਹੀ ਕਰੇਗਾ ਅਤੇ ਸਾਰੀ ਸੂਚਨਾ ਇਮੀਗ੍ਰੇਸ਼ਨ ਵਿਭਾਗ ਨੂੰ ਦੇਵੇਗਾ। ਜਿਹੜੇ ਲੋਕ ਇਸ ਸਹਾਇਤਾ ਦੇ ਨਾਲ ਆਪਣੇ ਵਤਨੀ ਮੁੜ ਜਾਣਗੇ ਉਨ੍ਹਾਂ ਨੂੰ ਇਹ ਪੈਸੇ ਉਦੋਂ ਦੁਬਾਰਾ ਦੇਣੇ ਹੋਣਗੇ ਜਦੋਂ ਉਹ ਦੁਬਾਰਾ ਵਾਪਿਸ ਲਈ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਕਰਨਗੇ। ਇਮੀਗ੍ਰੇਸ਼ਨ ਅਜਿਹੇ ਲੋਕਾਂ ਦੀ ਟਿਕਟ ਦਾ ਖਰਚਾ ਅਦਾ ਕਰੇਗੀ। ਸੋ ਸਰਕਾਰ ਇਕ ਤਰ੍ਹਾਂ ਨਾਲ ਪੈਸੇ ਉਧਾਰ ਦੇ ਕੇ ਲੋਕਾਂ ਨੂੰ ਵਤਨ ਭੇਜਣ ਦਾ ਪ੍ਰਬੰਧ ਕਰ ਰਹੀ ਹੈ। ਜਿਨ੍ਹਾਂ ਨੇ ਮੁੜ ਨਿਊਜ਼ੀਲੈਂਡ ਦੇ ਦਰਸ਼ਨ ਕਰਨੇ ਹੋਣਗੇ ਉਹ ਅਗਲਾ-ਪਿਛਲਾ ਹਿਸਾਬ ਚੁਕਦਾ ਕਰ ਦੇਣਗੇ ਅਤੇ ਵੀਜ਼ੇ ਵਾਲੀ ਈਮੇਲ ਪ੍ਰਾਪਤ ਕਰਨ ਦੇ ਯੋਗ ਹੋਣਗੇ। ਸੋ ਸਰਕਾਰਾਂ ਕਿਹੜੇ ਘੱਟ ਸਿਆਣੀਆਂ ਸਿੱਧਾ ਸੁਨੇਹਾ ਦੇ ਰਹੀਆਂ ਹਨ ਇਕ ਵਾਰ ਚਲੇ ਜਾਓ..ਦੁੱਗਣੇ ਪੈਸੇ ਹੋਏ ਤਾਂ ਦੁਬਾਰਾ ਇਧਰ ਦਾ ਖਿਆਲ ਕਰਿਓ ਨਹੀਂ ਤਾਂ ਤੁਸੀਂ ਆਪਣੇ ਦੇਸ਼ ਰਾਜੀ..ਅਸੀਂ ਆਪਣੇ ਦੇਸ਼ ਰਾਜੀ ਭਾਵੇਂ ਉਧਾਰ ਲਈ ਰੱਖਿਓ।