ਇਮਾਰਤ ਡਿੱਗਣ ਦੀ ਘਟਨਾ ਦੇ ਪੀੜਤਾਂ ਦੀ ਮੱਦਦ ਲਈ ਨੌਕਰਸ਼ਾਹੀ ਨੂੰ ਅੜਿਕਾ ਨਹੀਂ ਬਣਨ ਦਿੱਤਾ ਜਾਵੇਗਾ-ਬਾਈਡਨ

325
ਫਲੋਰਿਡਾ ਵਿਚ ਇਮਾਰਤ ਡਿੱਗਣ ਦੀ ਘਟਨਾ ਦਾ ਜਾਇਜ਼ਾ ਲੈਣ ਗਏ ਰਾਸ਼ਟਰਪਤੀ  ਜੋ ਬਾਇਡਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਨਾਲ ਮੇਅਰ ਡੈਨੀਅਲਾ ਲੇਵਾਈਨ ਕਾਵਾ ਤੇ ਗਵਰਨਰ ਰੋਨ ਡੀਸੈਂਟਿਸ ਵੀ ਨਜਰ ਆ ਰਹੇ ਹਨ।
Share

ਰਾਸ਼ਟਰਪਤੀ ਨੇ ਪੀੜਤਾਂ ਪਰਿਵਾਰਾਂ ਨੂੰ ਮਿਲਕੇ ਦਿੱਤਾ ਹੌਸਲਾ

ਸੈਕਰਾਮੈਂਟੋ 2 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਲੋਰਿਡਾ ਵਿਚ ਮਿਆਮੀ ਨੇੜੇ ਸਰਫਸਾਈਡ ਵਿਖੇ ਇਕ 12 ਮੰਜ਼ਿਲਾ ਇਮਾਰਤ ਦੇ ਡਿੱਗ ਪੈਣ ਦੇ ਇਕ ਹਫਤੇ ਬਾਅਦ ਰਾਸ਼ਟਰਪਤੀ ਜੋ ਬਾਇਡਨ ਇਸ ਘਟਨਾ ਵਿਚ ਮਾਰੇ ਗਏ , ਬੱਚ ਗਏ ਤੇ ਅਜੇ ਵੀ ਮਲਬੇ ਹੇਠ ਦੱਬੇ  ਲੋਕਾਂ ਦੇ ਪਰਿਵਾਰਾਂ ਨੂੰ ਮਿਲੇ । ਰਾਸ਼ਟਰਪਤੀ ਨੇ ਉਨਾਂ ਨਾਲ ਹਮਦਰਦੀ ਪ੍ਰਗਟਾਈ ਤੇ ਹੌਸਲਾ ਦਿੱਤਾ। ਬਾਇਡਨ ਨੇ ਕਿਹਾ ” ਜਿਲ ਤੇ ਮੈਂ ਤੁਹਾਨੂੰ ਕਹਿਣ ਆਏ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ। ਦੇਸ਼ ਤੁਹਾਡੇ ਨਾਲ ਹੈ। ਸਾਡਾ ਸੁਨੇਹਾ ਹੈ ਕਿ ਅਸੀਂ ਸਮੁੱਚੇ ਰਾਸ਼ਟਰੀ ਦੀ ਤਰਫੋਂ ਇਥੇ ਆਏ ਹਾਂ”। ਬਾਇਡਨ ਨੇ ਐਲਾਨ ਕੀਤਾ ਕਿ ਸਰਫਸਾਈਡ ਭਾਈਚਾਰੇ ਦੀ ਮੱਦਦ ਲਈ ਸੰਘੀ ਸਰਕਾਰ ਯਤਨਸ਼ੀਲ ਹੈ ਤੇ ਉਸ ਨੇ ਘਟਨਾ ਵਾਲੀ ਸਥਾਨ ‘ਤੇ ਲੋਕਾਂ ਦੀ ਸੁਰੱਖਿਆ ਲਈ ਅਨੇਕਾਂ ਕਦਮ ਚੁੱਕੇ ਹਨ। ਇਸ ਘਟਨਾ ਵਿਚ ਮਾਰੇ ਗਏ 18 ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਕੱਢੀਆਂ ਜਾ ਚੁੱਕੀਆਂ ਹਨ ਤੇ 100 ਦੇ ਕਰੀਬ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਬਾਇਡਨ ਨੇ ਕਿਹਾ ਕਿ ਇਮਾਰਤ ਡਿੱਗਣ ਦੇ ਪਹਿਲੇ 30 ਦਿਨਾਂ ਦੌਰਾਨ ਬਚਾਅ ਤੇ ਰਾਹਤ ਸਬੰਧੀ ਕਾਰਜਾਂ ਦਾ 100% ਖਰਚਾ ਸੰਘੀ ਸਰਕਾਰ ਕਰ ਰਹੀ ਹੈ। ਉਨਾਂ ਐਲਾਨ ਕੀਤਾ ਕਿ ਫੈਡਰਲ ਮੈਨਜਮੈਂਟ ਏਜੰਸੀ ਬਚ ਗਏ ਲੋਕਾਂ ਦੇ ਰਹਿਣ ਲਈ ਬਦਲਵਾਂ ਆਰਜੀ ਪ੍ਰਬੰਧ ਕਰੇਗੀ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਵਿਦੇਸ਼ ਵਿਭਾਗ ਨੂੰ ਆਦੇਸ਼ ਦਿੱਤਾ ਕਿ ਪੀੜਤ ਪਰਿਵਾਰਾਂ ਦੇ ਵਿਦੇਸ਼ਾਂ ਵਿਚ ਰਹਿੰਦੇ ਸੱਕੇ ਸਬੰਧੀਆਂ ਨੂੰ ਵੀਜ਼ੇ ਦੇਣ ਦੇ ਕੰਮ ਵਿਚ ਤੇਜੀ ਲਿਆਂਦੀ ਜਾਵੇ ਤੇ ਉਨਾਂ ਨੂੰ ਫੌਰਨ ਵੀਜ਼ੇ ਦਿੱਤੇ ਜਾਣ। ਰਾਸ਼ਟਰਪਤੀ ਨੇ ਕਿਹਾ ਕਿ ਲਾਪਤਾ ਵਿਅਕਤੀਆਂ ਦੇ ਪਰਿਵਾਰ ਅਸਲੀਅਤ ਨੂੰ ਜਾਣਦੇ ਹਨ ਪਰੰਤੂ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਬਚਾਅ ਕਾਰਜ ਬੰਦ ਕਰ ਦੇਣੇ ਚਾਹੀਦੇ ਹਨ। ਅਸੀਂ ਲਾਸ਼ਾਂ ਨੂੰ ਲੱਭਣ ਦਾ ਕੰਮ ਜਾਰੀ ਰਖਾਂਗੇ। ਪੀੜਤ ਪਰਿਵਾਰਾਂ ਨਾਲ ਮੀਟਿੰਗ ਉਪਰੰਤ ਰਾਸ਼ਟਰਪਤੀ ਨੇ ਕਿਹਾ ਕਿ ਸਹਾਇਤਾ ਦੇ ਰਾਹ ਵਿਚ ਨੌਕਰਸ਼ਾਹੀ ਨੂੰ ਅੜਿਕਾ ਨਹੀਂ ਬਣਨ ਦਿੱਤਾ ਜਾਵੇਗਾ। ਉਨਾਂ ਕਿਹਾ ਮੈ ਆਦੇਸ਼ ਦਿੱਤਾ ਹੈ ਕਿ ਜੋ ਕੁਝ ਵੀ  ਲੋੜੀਂਦਾ ਹੈ ਉਸ ਨੂੰ ਲੈ ਲਿਆ ਜਾਵੇ ਤੇ ਇਸ ਵਿਚ ਬਾਬੂਸ਼ਾਹੀ ਅੜਿਕਾ ਨਹੀਂ ਬਣਨ ਦਿੱਤੀ ਜਾਵੇਗੀ। ਇਥੇ ਜਿਕਰਯੋਗ ਹੈ ਕਿ ਬਚਾਅ ਤੇ ਰਾਹਤ ਕਾਰਜ ਜਾਰੀ ਹਨ ਪਰੰਤੂ ਬੀਤੇ ਦਿਨ ਬਚਾਅ ਕਾਰਜਾਂ ਨੂੰ ਰੋਕਣਾ ਪਿਆ ਸੀ ਕਿਉਂਕਿ ਡਿੱਗੀ ਇਮਾਰਤ ਦਾ  ਖੜਾ ਹਿੱਸਾ ਖਤਰਾ ਬਣਿਆ ਹੋਇਆ ਹੈ।


Share