ਇਮਰਾਨ ਖਾਨ ‘ਤੇ ਹਮਲੇ ਦੀ ਲੰਡਨ ‘ਚ ਰਚੀ ਗਈ ਸੀ ਸਾਜ਼ਿਸ਼!

43
Share

-ਪੱਤਰਕਾਰ ਅਰਸ਼ਦ ਸ਼ਰੀਫ ਦਾ ਕਤਲ ਵੀ ਇਸੇ ਸਾਜ਼ਿਸ਼ ਦਾ ਸੀ ਹਿੱਸਾ : ਮੀਡੀਆ ਰਿਪੋਰਟ ‘ਚ ਹੋਇਆ ਖੁਲਾਸਾ
– ਪੀ.ਐੱਮ.ਐੱਲ.-ਐੱਨ. ਵੱਲੋਂ ਦੋਸ਼ਾਂ ਦਾ ਖੰਡਨ
ਇਸਲਾਮਾਬਾਦ, 22 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦਾ ਤਰਜਮਾਨ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ‘ਤੇ ਹਮਲੇ ਅਤੇ ਪੱਤਰਕਾਰ ਅਰਸ਼ਦ ਸ਼ਰੀਫ ਦੇ ਕਤਲ ਦੀ ਸਾਜ਼ਿਸ਼ ਲੰਡਨ ਵਿਚ ਰਚੀ ਗਈ ਸੀ। ਇਹ ਖੁਲਾਸਾ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਇੱਕ ਨਿੱਜੀ ਟੀ.ਵੀ. ਚੈਨਲ ਅਨੁਸਾਰ ਤਸਨੀਮ ਹੈਦਰ ਸ਼ਾਹ, ਜਿਸ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਪੀ.ਐੱਮ.ਐੱਲ.-ਐੱਨ. ਨਾਲ ਜੁੜਿਆ ਹੋਇਆ ਸੀ, ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੀ.ਐੱਮ.ਐੱਲ.-ਐੱਨ. ਮੁਖੀ ਨਵਾਜ਼ ਸ਼ਰੀਫ ਦੇ ਬੇਟੇ ਹਸਨ ਨਵਾਜ਼ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਉਸ ਦੀਆਂ ਤਿੰਨ ਮੀਟਿੰਗਾਂ ਹੋਈਆਂ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਖਬਰ ਮੁਤਾਬਕ ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਪੱਤਰਕਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਲਈ ਬੁਲਾਇਆ ਗਿਆ ਸੀ। ਸ਼ਾਹ ਮੁਤਾਬਕ ਪਹਿਲੀ ਮੀਟਿੰਗ 8 ਜੁਲਾਈ ਨੂੰ, ਦੁਜੀ 20 ਸਤੰਬਰ ਅਤੇ ਤੀਜੀ 29 ਅਕਤੂਬਰ ਨੂੰ ਹੋਈ। ਉਸ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਨਵੇਂ ਸੈਨਾ ਮੁਖੀ ਦੀ ਨਿਯੁਕਤੀ ਤੋਂ ਪਹਿਲਾਂ ਅਰਸ਼ਦ ਸ਼ਰੀਫ ਅਤੇ ਖਾਨ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਸ਼ਾਹ ਨੇ ਦੋਸ਼ ਲਾਇਆ ਕਿ ਨਵਾਜ਼ ਸ਼ਰੀਫ਼ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਸ਼ੂਟਰ ਮੁਹੱਈਆ ਕਰਵਾ ਸਕਦਾ ਹੈ, ਤਾਂ ਉਹ (ਪੀ.ਐੱਮ.ਐੱਲ.-ਐੱਨ.) ਵਜ਼ੀਰਾਬਾਦ ਵਿਚ ਜਗ੍ਹਾ ਦੇਣਗੇ ਅਤੇ ਦੋਸ਼ ਪੰਜਾਬ ਸਰਕਾਰ ‘ਤੇ ਲੱਗੇਗਾ। ਹਾਲਾਂਕਿ, ਸ਼ਾਹ ਨੇ ਕਿਹਾ ਕਿ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਖ਼ਬਰ ਮੁਤਾਬਕ ਸ਼ਾਹ ਨੇ ਇਹ ਵੀ ਕਿਹਾ ਕਿ ਸਾਜ਼ਿਸ਼ ਦੀ ਸੂਚਨਾ ਬਰਤਾਨਵੀ ਪੁਲਿਸ ਨੂੰ ਦਿੱਤੀ ਗਈ ਸੀ। ਹਾਲਾਂਕਿ ਦੂਜੇ ਪਾਸੇ ਪੀ.ਐੱਮ.ਐੱਲ.-ਐੱਨ. ਨੇ ਆਪਣੀ ਤਰਜਮਾਨ ਅਤੇ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਦੇ ਹਵਾਲੇ ਨਾਲ ਇਹ ਕਹਿ ਕੇ ਦੋਸ਼ਾਂ ਦਾ ਖੰਡਨ ਕੀਤਾ ਕਿ ਸ਼ਾਹ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਜ਼ਬਰਦਸਤੀ ਪੀ.ਐੱਮ.ਐੱਲ.-ਐੱਨ. ਦਾ ਤਰਜਮਾਨ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।


Share