ਇਪਸਾ ਵੱਲੋਂ ਰਵਿੰਦਰ ਸਿੰਘ ਦੀ ਕਿਤਾਬ ‘ਯਾਦਾਂ ਦੇ ਖੰਡਰ’ ਲੋਕ ਅਰਪਨ ਅਤੇ ਕਵੀ ਦਰਬਾਰ 

5250
Share

ਬ੍ਰਿਸਬੇਨ, 22 ਅਗਸਤ (ਪੰਜਾਬ ਮੇਲ)- ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਵੱਲੋਂ ਬ੍ਰਿਸਬੇਨ ਦੀ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਕਵੀ ਦਰਬਾਰ ਕੀਤਾ ਗਿਆ ਅਤੇ ਨੌਜਵਾਨ ਸ਼ਾਇਰ ਰਵਿੰਦਰ ਸਿੰਘ ਦੀ ਕਿਤਾਬ ‘ਯਾਦਾਂ ਦੇ ਖੰਡਰ’ ਲੋਕ ਅਰਪਨ ਕੀਤੀ ਗਈ। ਰੁਪਿੰਦਰ ਸੋਜ਼ ਨੇ ਕਿਤਾਬ ਬਾਰੇ ਬੋਲਦਿਆਂ ਦੱਸਿਆ ਕਿ ਰਵਿੰਦਰ ਸਿੰਘ ਦੀ ਕਵਿਤਾ ਵਿਚ ਮੁਹੱਬਤ ਦੀ ਨਿਛੋਹ ਭਾਵਨਾ ਅਤੇ ਦਰਦ ਦਾ ਵੇਗ ਬਹੁਤ ਤੀਬਰਤਾ ਨਾਲ ਪੇਸ਼ ਹੋਇਆ ਹੈ। ਇਸ ਵਿਚ ਪਿਆਰ ਦੀ ਸੁੱਚਤਾ ਅਤੇ ਸਮਾਜਿਕ ਪਰਿਸਥਿਤੀਆਂ ਦੀ ਕਰੂਰਤਾ ਨੂੰ ਬੜੇ ਹੀ ਸਹਿਜ ਅੰਦਾਜ਼ ਨਾਲ ਸਿਰਜਿਆ ਗਿਆ ਹੈ। ਇਸ ਮੌਕੇ ਮਨਜੀਤ ਬੋਪਾਰਾਏ ਅਤੇ ਜਗਦੀਪ ਗਿੱਲ ਨੇ ਅਫ਼ਗ਼ਾਨਿਸਤਾਨ ਦੇ ਸੰਕਟ ਅਤੇ ਅੰਤਰ ਰਾਸ਼ਟਰੀ ਸਮੀਕਰਨਾਂ ਬਾਰੇ ਗੱਲ-ਬਾਤ ਕੀਤੀ। ਦਲਵੀਰ ਹਲਵਾਰਵੀ, ਪਾਲ ਰਾਊਕੇ, ਰੁਪਿੰਦਰ ਸੋਜ਼, ਸਰਬਜੀਤ ਸੋਹੀ, ਸੁਰਜੀਤ ਸੰਧੂ, ਪੁਸ਼ਪਿੰਦਰ ਤੂਰ, ਹਰਜੀਤ ਕੌਰ ਸੰਧੂ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਸਾਹਿਤਕ ਬੈਠਕ ਵਿਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਇੰਗਲੈਂਡ ਨਿਵਾਸੀ ਕਲਮਕਾਰ ਐੱਸ ਬਲਵੰਤ ਅਤੇ ਪ੍ਰੋ: ਸੁਰਜੀਤ ਸਿੰਘ ਖਾਲਸਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਬਾਸੀ, ਗੁਰਸੇਵਕ ਰਾਊਕੇ, ਗੁਰਵਿੰਦਰ ਖੱਟੜਾ, ਰਣਵੀਰ ਸਿੰਘ ਆਦਿ ਪਤਵੰਤੇ ਸੱਜਨ ਵੀ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਜੀ ਨੇ ਬਾਖੂਬੀ ਨਿਭਾਈ।

Share