ਇਟਲੀ ਵੱਲੋਂ ਭਾਰਤ, ਬੰਗਲਾਦੇਸ਼ ਤੇ ਸ੍ਰੀਲੰਕਾ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀਆਂ ’ਚ ਵਾਧਾ

144
Share

-ਕਰੋਨਾਵਾਇਰਸ ਕਾਰਨ 21 ਜੂਨ ਤੱਕ ਕੀਤਾ ਵਾਧਾ
ਇਟਲੀ, 31 ਮਈ (ਪੰਜਾਬ ਮੇਲ)- ਇਟਲੀ ਨੇ ਆਪਣੇ ਦੇਸ਼ ਅੰਦਰ ਕਾਫੀ ਹੱਦ ਤੱਕ ਕੋਰੋਨਾਵਾਇਰਸ ਮਹਾਮਾਰੀ ’ਤੇ ਕਾਬੂ ਪਾ ਲਿਆ ਹੈ ਪਰ ਫਿਰ ਵੀ ਇਟਲੀ ਸਰਕਾਰ ਇਸ ਬੀਮਾਰੀ ਨੂੰ ਦੇਖਦੇ ਹੋਏ ਗੰਭੀਰ ਫ਼ੈਸਲੇ ਲੈ ਰਹੀ ਹੈ, ਇਟਲੀ ਦੇ ਸਿਹਤ ਮੰਤਰੀ ਰੌਬੇਂਰਤੋ ਸੰਪੈਰੰਜਾ ਵੱਲੋਂ ਭਾਰਤ, ਬੰਗਲਾਦੇਸ਼ ਅਤੇ ਸ੍ਰੀਲੰਕਾ ’ਚ ਕੋਰੋਨਾਵਾਇਰਸ ਦੇ ਕੇਸਾਂ ਦੇ ਮੱਦੇਨਜ਼ਰ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਹਿਲਾਂ ਤੋਂ ਹੀ ਲਗਾਈ ਹੋਈ ਪਾਬੰਦੀ ’ਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ, ਇਟਲੀ ਸਰਕਾਰ ਵੱਲੋਂ ਹੁਣ 21 ਜੂਨ 2021 ਤੱਕ ਇਸ ਪਾਬੰਦੀ ਨੂੰ ਵਧਾ ਦਿੱਤਾ ਗਿਆ ਹੈ।
ਇਟਲੀ ਦੇ ਸਿਹਤ ਮੰਤਰੀ ਵਲੋਂ ਪਹਿਲਾਂ ਇਹ ਪਾਬੰਦੀ 30 ਮਈ ਤੱਕ ਲਾਗੂ ਕੀਤੀ ਗਈ ਸੀ, ਹਾਲਾਂਕਿ ਇਟਲੀ ਸਰਕਾਰ ਦੇ ਇਸ ਫੈਸਲੇ ਤੋਂ ਪ੍ਰਭਾਵਿਤ ਉਹ ਭਾਰਤੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਭਾਰਤ ਵਿਚ ਆਏ ਹੋਏ ਹਨ, ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਿਚ ਹੋਰ ਜ਼ਿਆਦਾ ਵਾਧਾ ਹੋ ਗਿਆ ਹੈ, ਕਿਉਂਕਿ ਕਈ ਭਾਰਤੀਆਂ ਦੀਆਂ ਪਰਮੇਸੋ ਦੀ ਸੰਜੋਰਨੋ (ਨਿਵਾਸ ਆਗਿਆ) ਖ਼ਤਮ ਹੋ ਚੁੱਕੀਆਂ ਹਨ ਜਾਂ ਖ਼ਤਮ ਹੋਣ ਵਾਲੀਆਂ ਹਨ, ਉਨ੍ਹਾਂ ਨੂੰ ਕਿਤੇ ਨਾ ਕਿਤੇ ਇਟਲੀ ਵਾਪਸ ਪਰਤਣ ਸਮੇਂ ਆਉਣ ਵਾਲੀਆਂ ਪ੍ਰੇਸ਼ਾਨੀਆਂ ਸਤਾ ਰਹੀਆਂ ਹਨ, ਪਿਛਲੇ ਸਾਲ ਵੀ ਕੋਰੋਨਾ ਮਹਾਮਾਰੀ ਕਾਰਨ ਆਪਣੇ ਸਾਕ ਸੰਬੰਧੀਆਂ ਨੂੰ ਭਾਰਤ ਮਿਲਣ ਗਏ ਇਟਲੀ ਦੇ ਭਾਰਤੀ ਕਾਫ਼ੀ ਮੁਸ਼ਕਲ ਨਾਲ ਮਹਿੰਗੇ ਭਾਅ ਦੀਆਂ ਟਿਕਟਾਂ ਲੈ ਇਟਲੀ ਪਹੁੰਚੇ ਸੀ, ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹ ਫਲਾਈਟਾਂ ਚੱਲਣਗੀਆਂ, ਕਿਉਂਕਿ ਕਈ ਭਾਰਤੀ ਜੋ ਇਸ ਸਮੇਂ ਭਾਰਤ ਇਟਲੀ ਤੋਂ ਆਏ ਹੋਏ ਹਨ, ਉਨ੍ਹਾਂ ਦੇ ਮਕਾਨ ਦੇ ਕਿਰਾਏ ਬਿਜਲੀ, ਪਾਣੀ ਦੇ ਬਿੱਲ ਵੀ ਹਰ ਮਹੀਨੇ ਆ ਰਹੇ ਹਨ, ਜੋ ਉਨ੍ਹਾਂ ਨੂੰ ਮਜਬੂਰੀ ਵੱਸ ਝੱਲਣੇ ਪੈ ਰਹੇ ਹਨ ਤੇ ਦੂਸਰੀ ਵੱਡੀ ਮੁਸੀਬਤ ਜਦੋਂ ਇਹ ਫਲਾਈਟਾਂ ਖੁੱਲ੍ਹਣਗੀਆਂ, ਤਾਂ ਕਿਤੇ ਇਟਲੀ ਤੋਂ ਆਏ ਭਾਰਤੀਆਂ ਨੂੰ ਵਾਪਸ ਆਉਣ ਲਈ ਇਹ ਟਿਕਟਾਂ ਮਹਿੰਗੇ ਮੁੱਲ ਦੀਆਂ ਨਾ ਖਰੀਦਣੀਆਂ ਪੈਣ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Share