ਇਟਲੀ ‘ਚ 62 ਫੀਸਦੀ ਲੋਕ ਮਨੋਵਿਗਿਆਨਕ ਡਾਕਟਰਾਂ ਕੋਲ ਪੁੱਜੇ

761
Share

-ਲਾਕਡਾਊਨ ਦੇ ਸਦਮੇ ਤੋਂ ਬਾਹਰ ਨਿਕਲਣ ਲਈ ਡਾਕਟਰਾਂ ਕੋਲ ਕੀਤੀ ਪਹੁੰਚ
ਰੋਮ, 6 ਮਈ (ਪੰਜਾਬ ਮੇਲ)- ਕੋਵਿਡ-19 ਨੇ ਵੱਡੇ ਪੱਧਰ ‘ਤੇ ਇਟਲੀ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ। ਹਜ਼ਾਰਾਂ ਲੋਕਾਂ ਦੀ ਮੌਤ ਦੇ ਬਾਅਦ 2 ਮਹੀਨਿਆਂ ਬਾਅਦ ਇਟਲੀ ‘ਚ ਲਾਕਡਾਊਨ ਨੂੰ ਵਿਸ਼ੇਸ਼ ਨਿਗਰਾਨੀ ਹੇਠ ਖੋਲ੍ਹਿਆ ਗਿਆ ਤੇ ਸਰਕਾਰ ਵੱਲੋਂ ਲੋਕਾਂ ਨੂੰ ਵਾਰ-ਵਾਰ ਸਾਵਧਾਨੀ ਵਰਤਣ ਦੀ ਤਾਕੀਦ ਕੀਤੀ ਜਾ ਰਹੀ ਹੈ। ਇਨ੍ਹਾਂ ਦੋ ਮਹੀਨਿਆਂ ਨੇ ਇਟਲੀ ਦੇ ਬਾਸ਼ਿੰਦਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ, ਸਗੋਂ ਬਦਲ ਕੇ ਰੱਖ ਦਿੱਤਾ ਹੈ। ਕੋਵਿਡ-19 ਕਾਰਨ ਹੋਏ ਲਾਕਡਾਊਨ ਨੇ ਇਟਲੀ ‘ਚ ਰਹਿੰਦੇ ਲੋਕਾਂ ਲਈ ਇੱਕ ਅਜਿਹਾ ਸਦਮਾ ਦਿੱਤਾ ਹੈ, ਜਿਸ ਤੋਂ ਬਾਹਰ ਆਉਣ ਲਈ ਉਨ੍ਹਾਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਵੇਗੀ।
ਕਈ ਅਜਿਹੇ ਪਰਿਵਾਰ ਵੀ ਹਨ, ਜਿਨ੍ਹਾਂ ਦਾ ਕੋਵਿਡ-19 ਨੇ ਨਾਮੋ-ਨਿਸ਼ਾਨ ਹੀ ਖਤਮ ਕਰ ਦਿੱਤਾ। ਪਿੰਡਾਂ ਦੇ ਪਿੰਡ ਉਜਾੜਣ ਵਾਲਾ ਕੋਵਿਡ-19 ਹਾਲੇ ਵੀ ਇਟਲੀ ਦੇ ਸਿਰ ਉੱਪਰ ਖਤਰਾ ਬਣਿਆ ਹੋਇਆ ਹੈ, ਜਦੋਂ ਤੱਕ ਇਸ ਦਾ ਕੋਈ ਵੈਕਸੀਨੇਸ਼ਨ ਨਹੀਂ ਆਉਂਦਾ, ਇਸ ਤੋਂ ਬੱਚਣ ਲਈ ਸਾਵਧਾਨੀਆਂ ਹੀ ਇਲਾਜ ਹੈ। ਜਿਹੜੇ ਲੋਕ ਇਸ ਮਹਾਮਾਰੀ ਕਾਰਨ ਦੁਨੀਆਂ ਤੋਂ ਰੁਖ਼ਸਤ ਹੋ ਗਏ, ਉਨ੍ਹਾਂ ਦੇ ਪਰਿਵਾਰਾਂ ਲਈ ਇਹ ਇੱਕ ਸੁਪਨਾ ਹੀ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੇ ਜੀਵਨ ਦਾ ਅੰਤ ਹੋ ਚੁੱਕਾ ਹੈ, ਜਿਸ ਦੇ ਚੱਲਦਿਆਂ ਬਹੁਤੇ ਲੋਕ ਦਿਮਾਗੀ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ।
ਇਸ ਸੰਬਧੀ ਨੈਸ਼ਨਲ ਕੌਂਸਲ ਆਫ਼ ਦ ਆਰਟ ਆਫ਼ ਸਾਇਕੋਲੋਜਿਸਟ ਇਟਲੀ ਵੱਲੋਂ ਕੀਤੇ ਵਿਸ਼ੇਸ਼ ਸਰਵੇ ਅਨੁਸਾਰ ਇਟਲੀ ਦੀ ਆਬਾਦੀ ਦਾ 62 ਫੀਸਦੀ ਹਿੱਸਾ ਇਹ ਮੰਨ ਰਿਹਾ ਹੈ ਕਿ ਕੋਵਿਡ-19 ਕਾਰਨ ਹੋਏ ਲਾਕਡਾਊਨ ਅਤੇ ਤਬਾਹੀ ਨਾਲ ਉਨ੍ਹਾਂ ਨੂੰ ਕਾਫ਼ੀ ਦਿਮਾਗੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਉਨ੍ਹਾਂ ਨੂੰ ਆਪਣਾ ਜੀਵਨ ਪਹਿਲਾਂ ਵਾਲੇ ਪੱਧਰ ‘ਤੇ ਲਿਜਾਣ ਲਈ ਸਾਇਕੋਲੋਜਿਸਟ ਡਾਕਟਰ ਦੀਆਂ ਸੇਵਾਵਾਂ ਲੈਣ ਦੀ ਲੋੜ ਹੈ। ਵੱਡੇ ਪਰਿਵਾਰਾਂ ਨਾਲੋਂ ਜ਼ਿਆਦਾ ਇਹ ਪ੍ਰੇਸ਼ਾਨੀ ਉਨ੍ਹਾਂ ਲੋਕਾਂ ‘ਚ ਦੁੱਗਣੀ ਦੇਖੀ ਜਾ ਰਹੀ ਹੈ, ਜਿਹੜੇ ਕਿ ਜੋੜਾ-ਜੋੜਾ ਹੀ ਰਹਿੰਦੇ ਹਨ। ਇਟਾਲੀਅਨ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਇਕੱਲਾ ਕੋਵਿਡ-19 ਹੀ ਨਹੀਂ, ਸਗੋਂ ਭਵਿੱਖ ਪ੍ਰਤੀ ਚਿੰਤਾਵਾਂ ਵੀ ਹਨ।
ਇਸ ਸਮੇਂ ਇਟਲੀ ‘ਚ 10 ‘ਚੋਂ 8 ਲੋਕ ਇਸ ਗੱਲ ਨੂੰ ਮੰਨ ਰਹੇ ਹਨ ਕਿ ਉਨ੍ਹਾਂ ਨੂੰ ਹੁਣ ਮਨੋਵਿਗਿਆਨਕ ਡਾਕਟਰ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ, ਤਾਂ ਜੋ ਉਹ ਆਉਣ ਵਾਲੇ ਸਮੇਂ ਲਈ ਦਿਮਾਗੀ ਤੌਰ ‘ਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ। ਇਸ ਗੱਲ ‘ਚ ਔਰਤਾਂ ਅਤੇ ਨੌਜਵਾਨਾਂ ਮਰਦ ਜ਼ਿਆਦਾ ਦੇਖੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕੋਵਿਡ-19 ਇਟਲੀ ਵਿਚ ਹੁਣ ਤੱਕ 29 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ ਤੇ 213,013 ਲੋਕਾਂ ਹਾਲੇ ਵੀ ਇਸ ਨਾਲ ਪੀੜਤ ਹਨ। ਦੋ ਮਹੀਨੇ ਹੋਏ ਲਾਕਡਾਊਨ ਕਾਰਨ ਲੋਕਾਂ ਦਾ ਕੰਮਕਾਰ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ।


Share